ਸ੍ਰੀ ਮੁਕਤਸਰ ਸਾਹਿਬ, 1 ਮਾਰਚ (ਰਣਜੀਤ ਸਿੰਘ ਢਿੱਲੋਂ)-ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਚਨਬੱਧ ਹੈ | ਇਸ ਲਈ ਸੂਬੇ ਦੇ ਸਾਰੇ ਜ਼ਿਲਿ੍ਹਆਂ 'ਚ ਕੋਰ ਗਰੁੱਪ ਬਣਾਏ ਜਾ ਰਹੇ ਹਨ ਜੋ ਕਿ ਜ਼ਿਲ੍ਹਾ ਪੱਧਰ 'ਤੇ ਸਰਗਰਮੀ ਨਾਲ ਕੰਮ ਕਰਨਗੇ | ਇਹ ਪ੍ਰਗਟਾਵਾ ਮੈਂਬਰ ਪੰਜਾਬ ਰਾਜ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਜਤਿੰਦਰ ਸਿੰਘ ਸ਼ੰਟੀ (ਪਦਮਸ੍ਰੀ ਐਵਾਰਡੀ) ਨੇ ਸਥਾਨਕ ਗਰੀਨ ਸੀ ਰਿਜੋਰਟ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਸਾਰੇ ਜ਼ਿਲਿ੍ਹਆਂ 'ਚ ਸਮਰਪਿਤ ਕੋਰ ਗਰੁੱਪ ਬਣਾਏ ਜਾ ਰਹੇ ਹਨ | ਇਨ੍ਹਾਂ ਕੋਰ ਗਰੁੱਪਾਂ 'ਚ 10-10 ਮੈਂਬਰ ਹੋਣਗੇ, ਜਿਨ੍ਹਾਂ ਵਿਚ ਮਨੁੱਖੀ ਅਧਿਕਾਰ ਕਾਰਕੁਨ, ਵਕੀਲ ਤੇ ਹੋਰ ਮਾਹਿਰ ਸ਼ਾਮਿਲ ਹੋਣਗੇ | ਇਹ ਸਮੂਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਹੱਲ ਕਰਨ 'ਚ ਨਾਗਰਿਕਾਂ ਦੀ ਸਹੂਲਤ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨਗੇ ਅਤੇ ਤੁਰੰਤ ਕਾਰਵਾਈ ਲਈ ਮੁੱਦਿਆਂ ਨੂੰ ਸਿੱਧੇ ਕਮਿਸ਼ਨ ਕੋਲ ਭੇਜਣਗੇ | ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਮਨੁੱਖਾਂ ਦੇ ਅਧਿਕਾਰਾਂ ਦੀ ਰਾਖੀ ਲਈ ਨਵੀਆਂ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਹਨ ਜਿਸ ਤਹਿਤ ਕਮਿਸ਼ਨ ਨੇ ਹਸਪਤਾਲਾਂ ਨੂੰ ਕਿਸੇ ਵੀ ਸਥਿਤੀ ਵਿਚ ਲਾਸ਼ਾਂ ਨੂੰ ਰੋਕਣ ਤੋਂ ਸਖ਼ਤੀ ਨਾਲ ਮਨਾਹੀ ਕੀਤੀ ਹੈ | ਹਸਪਤਾਲਾਂ ਨੂੰ ਮਿ੍ਤਕ ਵਿਅਕਤੀਆਂ, ਖਾਸ ਕਰਕੇ ਲਾਵਾਰਿਸ ਜਾਂ ਆਰਥਿਕ ਤੌਰ 'ਤੇ ਕਮਜ਼ੋਰ ਮਾਮਲਿਆਂ, ਮੁਫ਼ਤ ਜਾਂ ਸਹਾਇਤਾ ਪ੍ਰਾਪਤ ਸਸਕਾਰ/ਦਫ਼ਨਾਉਣ ਲਈ ਸਹਾਇਤਾ ਦੇ ਪ੍ਰਬੰਧਾਂ ਦੇ ਨਾਲ ਸਨਮਾਨਜਨਕ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਵੀ ਆਦੇਸ਼ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਲਗਾਤਾਰ ਸਾਰੇ ਜ਼ਿਲਿ੍ਹਆਂ ਦਾ ਦੌਰਾ ਕਰਕੇ ਜ਼ਮੀਨੀ ਹਕੀਕਤ ਤੋਂ ਜਾਣੂੰ ਹੋ ਰਹੇ ਹਨ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਿੱਦਤ ਨਾਲ ਕੰਮ ਕਰ ਰਹੇ ਹਨ | ਇਸ ਮੌਕੇ ਬਲੱਡ ਸੇਵਾ ਵੈਲਫੇਅਰ ਸੁਸਾਇਟੀ ਪੀ.ਬੀ 30 ਦੇ ਸਮੂਹ ਮੈਂਬਰਾਂ ਨੇ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਦਾ ਸ੍ਰੀ ਮੁਕਤਸਰ ਸਾਹਿਬ ਆਉਣ 'ਤੇ ਧੰਨਵਾਦ ਕੀਤਾ ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਜਤਿੰਦਰ ਸਿੰਘ ਸ਼ੰਟੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਇਸ ਤੋਂ ਇਲਾਵਾ ਪੁਲਿਸ ਵਿਭਾਗ ਤੋਂ ਥਾਣਿਆਂ, ਚੌਂਕੀਆਂ 'ਚ ਸਹੂਲਤਾਂ, ਕੈਮਰਿਆਂ ਆਦਿ ਬਾਰੇ ਰਿਪੋਰਟ ਮੰਗੀ ਤੇ ਜ਼ਿਲ੍ਹੇ ਵਿਚ ਸਿਹਤ ਸਹੂਲਤਾਂ ਬਾਰੇ ਸਮਾਂਬੱਧ ਰਿਪੋਰਟ ਮੰਗੀ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡੈਵੀ ਗੋਇਲ, ਐਸ.ਡੀ.ਐਮ ਵੀਰਪਾਲ ਕੌਰ, ਐਸ.ਡੀ.ਐਮ ਗਿੱਦੜਬਾਹਾ ਜਸਪਾਲ ਸਿੰਘ ਬਰਾੜ, ਐਸ.ਡੀ.ਐਮ ਮਲੋਟ ਪੰਕਜ ਕੁਮਾਰ, ਸਹਾਇਕ ਕਮਿਸ਼ਨਰ (ਜ) ਅਤੇ ਮੁੱਖ ਮੰਤਰੀ ਖੇਤਰੀ ਅਫ਼ਸਰ ਜੁਗਰਾਜ ਸਿੰਘ ਕਾਹਲੋਂ, ਐਸ.ਪੀ ਹਰਕਮਲ ਕੌਰ, ਜ਼ਿਲ੍ਹਾ ਭਲਾਈ ਅਫ਼ਸਰ ਜਗਮੋਹਨ ਸਿੰਘ ਮਾਨ, ਗੁਰਚਰਨ ਸਿੰਘ ਧਾਲੀਵਾਲ, ਹਰਚਰਨ ਸਿੰਘ ਧਾਲੀਵਾਲ, ਮੁਨੀਸ਼ ਦੂਆ, ਬਲਰਾਜ ਕੁਮਾਰ ਦੁਰੇਜਾ ਆਦਿ ਮੌਜੂਦ ਸਨ |
ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜ਼ਿਲਿ੍ਹਆਂ 'ਚ ਸਰਗਰਮੀ ਨਾਲ ਕੰਮ ਕਰਨਗੇ ਕੋਰ ਗਰੁੱਪ-ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ <br/>
ਅਜੀਤ ਡੈਸਕ
02-03-2026