ਸ੍ਰੀ ਮੁਕਤਸਰ ਸਾਹਿਬ, 1 ਮਾਰਚ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਉਦਯੋਗ ਮੇਲਾ-2026 ਇਨਕਿਉਬੇਸ਼ਨ ਸੈੱਲ ਵਲੋਂ ਕਰਵਾਇਆ ਗਿਆ | ਉਦਯੋਗ ਮੇਲੇ ਦਾ ਉਦਘਾਟਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਾਬਕਾ ਵਿਧਾਇਕ ਨੇ ਕੀਤਾ | ਇਨਕਿਉਬੇਸ਼ਨ ਸੈੱਲ ਦੇ ਇੰਚਾਰਜ ਡਾ. ਰੁਪਿੰਦਰਪਾਲ ਕੌਰ ਨੇ ਦੱਸਿਆ ਕਿ ਇਸ ਮੇਲੇ 'ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਤੇ ਇਲਾਕੇ ਦੇ ਉੱਦਮੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਖਾਣ ਪੀਣ ਦੀਆਂ ਵੱਖਰੀਆਂ ਵੱਖਰੀਆਂ ਸਟਾਲਾਂ ਤੋਂ ਇਲਾਵਾ ਪੁਸਤਕ ਪ੍ਰਦਰਸ਼ਨੀ, ਪੰਜਾਬੀ ਸੂਟ, ਹੈਂਡਲੂਮ, ਜਿਊਲਰੀ, ਚਿੱਤਰਕਾਰੀ, ਵੱਖਰੀਆਂ ਵੱਖਰੀਆਂ ਖੇਡਾਂ ਦੀਆਂ ਸਟਾਲਾਂ ਮੇਲੇ ਦੀ ਰੌਣਕ ਬਣੀਆਂ | ਇਨ੍ਹਾਂ ਸਟਾਲਾਂ ਦੀ ਜੱਜਮੈਂਟ ਡਾ. ਰਾਣਾ ਬਲਜਿੰਦਰ ਕੌਰ ਵਾਈਸ ਪਿ੍ੰਸੀਪਲ, ਡਾ. ਨੀਨਾ ਮਹਿਤਾ ਡੀਨ ਅਕਾਦਮਿਕ, ਡਾ. ਨਿਰਮਲਜੀਤ ਕੌਰ ਪੀ.ਆਰ.ਓ, ਡਾ. ਜਗਦੀਸ਼ ਕੁਮਾਰ ਮੁਖੀ ਇਤਿਹਾਸ ਵਿਭਾਗ ਵਲੋਂ ਕੀਤੀ ਗਈ | ਜੇਤੂ ਸਟਾਲ ਪ੍ਰਬੰਧਕਾਂ ਨੂੰ ਇਨਾਮ ਪ੍ਰਦਾਨ ਕੀਤੇ ਗਏ | ਦੁਪਹਿਰ ਦੇ ਸਮੇਂ 'ਚ ਮੁੱਖ ਮਹਿਮਾਨ ਪ੍ਰਬੰਧਕੀ ਕਮੇਟੀ ਵਧੀਕ ਸਕੱਤਰ ਮਨਜੀਤ ਸਿੰਘ ਬਰਕੰਦੀ ਨੇ ਸ਼ਿਰਕਤ ਕੀਤੀ | ਸਟੇਜ ਸੰਚਾਲਨ ਦੀ ਭੂਮਿਕਾ ਡਾ. ਰਮਿੰਦਰ ਕੌਰ ਅਤੇ ਡਾ. ਨਵਪ੍ਰੀਤ ਕੌਰ ਨੇ ਨਿਭਾਈ | ਇਸ ਮੌਕੇ ਕਾਲਜ ਦੀਆਂ ਮੁਟਿਆਰਾਂ ਵਲੋਂ ਸੱਭਿਆਚਾਰਕ ਨਾਚ ਅਤੇ ਲੜਕਿਆਂ ਵਲੋਂ ਭੰਗੜਾ ਪੇਸ਼ ਕੀਤਾ ਗਿਆ | ਇਸ ਮਾਹੌਲ ਨੂੰ ਸੁਰਮਈ ਅੰਗਰੇਜ਼ੀ ਵਿਭਾਗ ਵਲੋਂ ਮਹਿਫ਼ਲ-ਏ-ਮੌਸੀਕੀ ਰਾਹੀਂ ਬਣਾਇਆ ਗਿਆ | ਇਸ ਉਪਰੰਤ ਸੰਗੀਤ ਵਿਭਾਗ ਦੇ ਹਰਜੀਤ ਕੌਰ ਨੇ ਆਪਣੀ ਸੁਰੀਲੀ ਆਵਾਜ਼ ਵਿਚ ਜੁਗਨੀ ਗਾ ਕੇ ਮਾਹੌਲ ਨੂੰ ਸੰਗੀਤਮਈ ਰੰਗ ਵਿਚ ਰੰਗਿਆ | ਕਾਲਜ ਪਿ੍ੰਸੀਪਲ ਪ੍ਰੋ. ਸਰਬਜੀਤ ਕੌਰ ਨੇ ਉਦਯੋਗ ਮੇਲੇ ਦੇ ਮਹੱਤਵ ਨੂੰ ਸਮਝਾਉਂਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਇਨ੍ਹਾਂ ਮੇਲਿਆਂ ਤੋਂ ਜ਼ਿੰਦਗੀ ਦੇ ਵੱਖਰੇ ਵੱਖਰੇ ਰੰਗਾਂ ਨੂੰ ਸਿੱਖਣਾ ਚਾਹੀਦਾ ਹੈ |