ਫ਼ਰੀਦਕੋਟ, 1 ਮਾਰਚ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਥਾਣੇਦਾਰ ਚਮਕੌਰ ਸਿੰਘ, ਇੰਚਾਰਜ ਪੁਲਿਸ ਚੌਂਕੀ ਗੋਲੇਵਾਲਾ ਨੇ ਦੱਸਿਆ ਕਿ ਉਹ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਸ਼ੱਕੀ ਪੁਰਸ਼ਾਂ ਸੰਬੰਧੀ ਪਿੰਡਾਂ ਵਿਚ ਕੀਤੀ ਜਾ ਰਹੀ ਗਸ਼ਤ ਤੇ ਚੈਕਿੰਗ ਦੌਰਾਨ ਪਿੰਡ ਹਰਦਿਆਲੇਆਣੇ ਰੋਡ 'ਤੇ ਜਾ ਰਹੇ ਸਨ ਤਾਂ ਹਰਦਿਆਲੇਆਣਾ ਪਾਸੋਂ ਸਾਜਨ ਸਿੰਘ ਉਰਫ਼ ਫੂਲੀ ਪੁੱਤਰ ਕਾਰਜ ਸਿੰਘ ਵਾਸੀ ਪਿੰਡ ਅਰਾਈਆਂਵਾਲਾ ਕਲਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦੀ ਜਾਬਤਾ ਅਨੁਸਾਰ ਤਲਾਸ਼ੀ ਲਈ ਤਾਂ ਉਸ ਪਾਸੋਂ ਕਥਿਤ ਤੌਰ 'ਤੇ 12 ਪਾਬੰਦੀਸ਼ੁਦਾ ਨਸ਼ੇ ਦੀਆਂ ਚਿਟੇ ਰੰਗ ਦੀਆਂ ਖੁੱਲੀਆਂ ਗੋਲੀਆਂ ਬਰਾਮਦ ਕੀਤੀਆਂ | ਇਸੇ ਤਰ੍ਹਾਂ ਹੀ ਸਹਾਇਕ ਥਾਣੇਦਾਰ ਹਰਦੇਵ ਸਿੰਘ ਇੰਚਾਰਜ ਪੁਲਿਸ ਚੌਂਕੀ ਕਲੇਰ ਵਲੋਂ ਪਿੰਡ ਢੁੱਡੀ ਤੋਂ ਜਗਸੀਰ ਸਿੰਘ ਉਰਫ਼ ਧੋਨੀ ਪੁੱਤਰ ਇਕਬਾਲ ਸਿੰਘ ਵਾਸੀ ਢੁੱਡੀ ਨੂੰ ਕਾਬੂ ਕਰਕੇ ਉਸ ਪਾਸੋਂ ਕਥਿਤ ਤੌਰ 'ਤੇ 46 ਪਾਬੰਦੀਸ਼ੁਦਾ ਨਸ਼ੇ ਦੀਆਂ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ | ਪੁਲਿਸ ਵਲੋਂ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |