ਗੁਰਦਾਸਪੁਰ, 1 ਮਾਰਚ (ਗੁਰਪ੍ਰਤਾਪ ਸਿੰਘ)-ਭਾਰਤ-ਪਾਕਿ ਸਰਹੱਦ 'ਤੇ ਮੌਜੂਦ ਆਦੀਆਂ ਦੀ ਚੈੱਕ ਪੋਸਟ 'ਤੇ ਬੀਤੀ 21 ਫਰਵਰੀ ਨੰੂ ਦੋ ਪੁਲਿਸ ਜਵਾਨਾਂ ਦੀਆਂ ਕੀਤੀਆਂ ਹੱਤਿਆਵਾਂ ਦਾ ਮਾਮਲਾ ਸੁਲਝਣ ਦੀ ਜਗ੍ਹਾ ਲਗਾਤਾਰ ਉਲਝਦਾ ਹੋਇਆ ਨਜ਼ਰ ਆ ਰਿਹਾ ਹੈ | ਇਸ ਮਾਮਲੇ ਵਿਚ ਰਣਜੀਤ ਸਿੰਘ ਦਾ ਪੁਲਿਸ ਵਲੋਂ ਐਨਕਾਊਾਟਰ ਕੀਤਾ ਗਿਆ ਸੀ | ਪੁਲਿਸ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ ਜਾਣਕਾਰੀ ਕਿਤੇ ਨਾ ਕਿਤੇ ਆਮ ਲੋਕਾਂ ਦੇ ਗਲੇ ਤੋਂ ਹੇਠਾਂ ਉਤਰਦੀ ਹੋਈ ਦਿਖਾਈ ਨਹੀਂ ਦੇ ਰਹੀ | ਇਸੇ ਦੇ ਚੱਲਦਿਆਂ ਅੱਜ ਪਰਿਵਾਰ ਵਲੋਂ ਦਿੱਤੀ ਗਈ ਕਾਲ ਦੇ ਆਧਾਰ 'ਤੇ ਸਮਾਜਸੇਵੀ, ਰਾਜਨੀਤਿਕ, ਧਾਰਮਿਕ ਅਤੇ ਹੋਰ ਜਥੇਬੰਦੀਆਂ ਵਲੋਂ ਇਕੱਤਰ ਹੋ ਕੇ ਰਣਜੀਤ ਸਿੰਘ ਦੇ ਹੱਕ ਵਿਚ ਬੱਬਰੀ ਬਾਈਪਾਸ 'ਤੇ ਦੋ ਘੰਟੇ ਲਈ ਧਰਨਾ ਲਗਾਇਆ ਗਿਆ, ਪਰ ਮੰਗਾਂ ਸਬੰਧੀ ਕੋਈ ਹੱਲ ਨਾ ਨਿਕਲਣ ਕਾਰਨ ਦੁਪਹਿਰ 12 ਵਜੇ ਸ਼ੁਰੂ ਹੋਇਆ ਇਹ ਧਰਨਾ ਦੇਰ ਸ਼ਾਮ ਤੱਕ ਚੱਲਦਾ ਰਿਹਾ | ਸੁਖਪਾਲ ਸਿੰਘ ਖਹਿਰਾ, ਇਮਾਨ ਸਿੰਘ ਮਾਨ, ਸੁੱਚਾ ਸਿੰਘ ਛੋਟੇਪੁਰ, ਲੱਖਾ ਸਿਧਾਣਾਂ, ਕਮਲਜੀਤ ਚਾਵਲਾ ਅਤੇ ਅਮਰਜੋਤ ਸਿੰਘ ਬੱਬੇਹਾਲੀ ਵਲੋਂ ਉਚੇਚੇ ਤੌਰ 'ਤੇ ਇਸ ਧਰਨੇ ਵਿਚ ਪਹੁੰਚ ਕੇ ਰਣਜੀਤ ਸਿੰਘ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਗਈ | ਧਰਨੇ ਦੌਰਾਨ ਪਰਿਵਾਰ ਵਲੋਂ ਇਹ ਮੰਗ ਕੀਤੀ ਗਈ ਕਿ ਰਣਜੀਤ ਸਿੰਘ ਦੀ ਮਿ੍ਤਕ ਦੇਹ ਦਾ ਪੋਸਟਮਾਰਟਮ ਪੀ.ਜੀ.ਆਈ. ਜਾਂ ਕਿਸੇ ਹੋਰ ਉੱਚ ਸੰਸਥਾ ਦੇ ਡਾਕਟਰਾਂ ਵਲੋਂ ਕੈਮਰੇ ਦੀ ਨਿਗਰਾਨੀ ਹੇਠ ਕਰਵਾਇਆ ਜਾਵੇ | ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਪੁਲਿਸ ਕਰਮੀਆਂ ਨੰੂ ਗੋਲੀ ਲੱਗੀ ਹੈ ਜਾਂ ਸੱਟਾਂ ਲੱਗੀਆਂ ਹਨ, ਉਨ੍ਹਾਂ ਦੀ ਜਾਂਚ ਵੀ ਸਹੀ ਤਰੀਕੇ ਨਾਲ ਕਰਵਾਈ ਜਾਵੇ | ਪੁਲਿਸ ਦੀ ਕਾਰਵਾਈ 'ਤੇ ਬੁਲਾਰਿਆਂ ਵਲੋਂ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ | ਮੌਕੇ 'ਤੇ ਪਹੁੰਚੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਇਹ ਤਿੰਨ ਨੌਜਵਾਨ ਜੇਕਰ ਇਸ ਮਾਮਲੇ ਨਾਲ ਜੁੜੇ ਹੋਏ ਹਨ ਤਾਂ ਪੁਲਿਸ ਨੰੂ ਇਹ ਅਧਿਕਾਰ ਕਿਸ ਨੇ ਦਿੱਤਾ ਹੈ ਕਿ ਉਹ ਮੌਕੇ 'ਤੇ ਕਿਸੇ ਨੰੂ ਗੋਲੀ ਮਾਰ ਕੇ ਖੁਦ ਹੀ ਨਿਆਂ ਕਰ ਦੇਵੇ | ਆਗੂਆਂ ਨੇ ਕਿਹਾ ਕਿ ਜੇ ਪੁਲਿਸ ਵਲੋਂ ਹੀ ਮਾਮਲਿਆਂ ਵਿਚ ਅਜਿਹੀ ਕਾਰਵਾਈ ਕਰਕੇ ਨਿਆਂ ਕੀਤਾ ਜਾਣਾ ਹੈ ਤਾਂ ਅਦਾਲਤਾਂ ਨੰੂ ਬੰਦ ਕਰ ਦੇਣਾ ਚਾਹੀਦਾ ਹੈ | ਧਰਨੇ ਵਿਚ ਪੁਲਿਸ ਪ੍ਰਸ਼ਾਸਨ ਤੋਂ ਇੰਦਰਜੀਤ ਸਿੰਘ ਦੇ ਪਰਿਵਾਰ ਨੰੂ ਪੁਲਿਸ ਹਿਰਾਸਤ ਵਿਚੋਂ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਸੀ |