ਬਠਿੰਡਾ, 1 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਈਰਾਨ ਅਤੇ ਇਜ਼ਾਰਾਈਲ ਵਿਚਾਲੇ ਚੱਲ ਰਹੇ ਜੰਗੀ ਹਾਲਾਤਾਂ ਦਰਮਿਆਨ ਸੁਰੱਖਿਆ ਦੇ ਚੱਲਦਿਆਂ ਕਈ ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਜਿਸ ਨਾਲ ਯੂ.ਏ.ਈ. ਦੇ ਹਵਾਈ ਅੱਡੇ 'ਤੇ ਸੈਂਕੜੇ ਯਾਤਰੀ ਫਸੇ ਹੋਏ ਹਨ ¢ ਇਨ੍ਹਾਂ ਵਿਚ ਐੱਸ.ਐੱਸ.ਡੀ. ਗਰਲਜ਼ ਕਾਲਜ ਬਠਿੰਡਾ ਦੀ ਪਿ੍ੰਸੀਪਲ ਡਾ. ਨੀਰੂ ਗਰਗ ਤੇ ਉਨ੍ਹਾਂ ਦੇ ਪਤੀ ਤੇ ਡੀ.ਏ.ਵੀ. ਕਾਲਜ ਬਠਿੰਡਾ ਦੇ ਸੇਵਾਮੁਕਤ ਵਾਇਸ ਪਿ੍ੰਸੀਪਲ ਪ੍ਰੋ. ਪ੍ਰਵੀਨ ਗਰਗ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਭਾਰਤ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਹੈ ¢ ਦੋਵੇਂ 5 ਦਿਨ੍ਹਾਂ ਦੇ ਟੂਰ 'ਤੇ ਯੂ.ਏ.ਈ. ਗਏ ਸਨ ਅਤੇ ਅੱਜ ਉਨ੍ਹਾਂ ਦੀ ਵਾਪਸੀ ਸੀ ¢ ਡਾ. ਨੀਰੂ ਗਰਗ ਨੇ ਸੋਸ਼ਲ ਮੀਡੀਆ 'ਤੇ ਦੋ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਘੁੰਮਣ ਦੁਬਈ ਆਏ ਸਨ ਅਤੇ ਉਨ੍ਹਾਂ ਦੀ ਇੰਡੀਗੋ ਏਅਰਲਾਈਨਜ਼ ਰਾਹੀਂ ਸ਼ਾਰਜ਼ਾਹ ਤੋਂ ਅੰਮਿ੍ਤਸਰ ਲਈ ਉਡਾਣ ਸੀ, ਜੋ ਅਚਾਨਕ ਰੱਦ ਕਰ ਦਿੱਤੀ ਗਈ ਪਰ ਹੁਣ ਏਅਰਪੋਰਟ ਅਥਾਰਟੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ | ਡਾ. ਨੀਰੂ ਨੇ ਕਿਹਾ ਕਿ ਨੇੜੇ ਦੇ ਸਾਰੇ ਹੋਟਲ ਵੀ ਬੁੱਕ ਹੋ ਗਏ ਅਤੇ 20 ਕਿੱਲੋਮੀਟਰ ਦੂਰ ਇਕ ਕਾਫ਼ੀ ਮਹਿੰਗਾ ਹੋਟਲ ਮਿਲਿਆ ਹੈ | ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਈਰਾਨ-ਇਜ਼ਰਾਈਲ ਜੰਗ ਕਾਰਨ ਪੈਦਾ ਹੋਈ ਇਸ ਸਥਿਤੀ ਵਿਚ ਫਸੇ ਭਾਰਤੀ ਯਾਤਰੀ ਬਹੁਤ ਪ੍ਰੇਸ਼ਾਨ ਹਨ, ਉਨ੍ਹਾਂ ਦੀ ਤੁਰੰਤ ਸਹਾਇਤਾ ਕੀਤੀ ਜਾਵੇ¢