ਡਡਵਿੰਡੀ, 11 ਮਈ (ਦਿਲਬਾਗ ਸਿੰਘ ਝੰਡ)-ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੀ ਬੱਸ ਵਿਚ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਇਕ ਏ.ਐਸ.ਆਈ. ਤੇ ਬੱਸ ਕੰਡਕਟਰ ਵਿਚਕਾਰ ਝਗੜਾ ਹੋ ਗਿਆ ਅਤੇ ਝਗੜਾ ਇਨ੍ਹਾਂ ਵੱਧ ਗਿਆ ਕਿ ਪੁਲਿਸ ਮੁਲਾਜ਼ਮ ਨੇ ਬੱਸ ਕੰਡਕਟਰ 'ਤੇ ਰਿਵਾਲਵਰ ਤਾਣ ਕੇ ਗੋਲੀ ਮਾਰਨ ਦੀ ਧਮਕੀ ਦੇ ਦਿੱਤੀ | ਇਸ ਘਟਨਾ ਦੀ ਵਾਇਰਲ ਵੀਡੀਓ ਵਿਚ ਇਹ ਏ.ਐਸ.ਆਈ. ਸ਼ਰੇਆਮ ਕੰਡਕਟਰ ਨੂੰ ਧਮਕੀ ਦਿੰਦਾ ਨਜ਼ਰ ਆ ਰਿਹਾ ਹੈ | ਬੱਸ ਦੇ ਕੰਡਕਟਰ ਬੋਹੜ ਸਿੰਘ ਪੁੱਤਰ ਇੰਦਰ ਸਿੰਘ ਨੇ ਦੱਸਿਆ ਕਿ ਉਹ ਪੀ.ਆਰ.ਟੀ.ਸੀ. ਦੀ ਬੱਸ ਨੰਬਰ ਪੀ ਬੀ 09 ਐਕਸ 3206 ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਵੱਲ ਲੈ ਕੇ ਜਾ ਰਹੇ ਸਨ ਤੇ ਸੁਲਤਾਨਪੁਰ ਲੋਧੀ ਬਾਈਪਾਸ ਤੋਂ ਇੱਕ ਏ.ਐਸ.ਆਈ. ਪੁਲਿਸ ਮੁਲਾਜ਼ਮ ਬੱਸ ਵਿਚ ਸਵਾਰ ਹੋਇਆ ਸੀ ਅਤੇ ਮੈਂ ਉਨ੍ਹਾਂ ਪਾਸੋਂ ਵਾਊਚਰ ਦੀ ਮੰਗ ਕੀਤੀ ਤਾਂ ਉਨ੍ਹਾਂ ਵਾਊਚਰ ਦੇਣ ਤੋਂ ਨਾਂਹ ਕਰ ਦਿੱਤੀ | ਕੰਡਕਟਰ ਵਲੋਂ ਯਾਤਰੀਆਂ ਨੂੰ ਅੱਗੇ ਖਿਸਕਣ ਤੇ ਏ.ਐਸ.ਆਈ. ਨੂੰ ਆਪਣਾ ਬੈਗ ਚੁੱਕ ਕੇ ਨਾਲ ਇੱਕ ਹੋਰ ਸਵਾਰੀ ਨੂੰ ਬਿਠਾਉਣ ਲਈ ਕਿਹਾ ਗਿਆ | ਇਸ ਗੱਲ 'ਤੇ ਏ.ਐਸ.ਆਈ. ਗ਼ੁੱਸੇ ਵਿਚ ਆ ਗਿਆ ਤੇ ਉਸ ਨੇ ਕੰਡਕਟਰ ਨਾਲ ਤਕਰਾਰ ਸ਼ੁਰੂ ਕਰ ਦਿੱਤੀ | ਜਿਸ ਦੌਰਾਨ ਏ.ਐਸ.ਆਈ. ਨੇ ਆਪਣਾ ਸਰਕਾਰੀ ਰਿਵਾਲਵਰ ਕੱਢ ਲਿਆ ਤੇ ਉਸਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ | ਮੌਕੇ 'ਤੇ ਮੌਜੂਦ ਕਿਸੇ ਯਾਤਰੀ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ | ਇਸ ਮਾਮਲੇ ਤੋਂ ਬਾਅਦ ਪੀ.ਆਰ.ਟੀ.ਸੀ. ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪੁਲਿਸ ਪ੍ਰਸ਼ਾਸਨ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਏ.ਐੱਸ.ਆਈ. ਨੇ ਪੀ.ਆਰ.ਟੀ.ਸੀ. ਦੀ ਬੱਸ ਦੇ ਕੰਡਕਟਰ 'ਤੇ ਤਾਣਿਆ ਰਿਵਾਲਵਰ
ਅਜੀਤ ਡੈਸਕ
12-05-2026