ਅੰਮਿ੍ਤਸਰ, 11 ਮਈ (ਸੁਰਿੰਦਰ ਕੋਛੜ)-ਡਰੋਨ ਤਕਨਾਲੋਜੀ ਆਸਾਨੀ ਨਾਲ ਉਪਲਬਧ ਹੋਣ ਕਰਕੇ ਇਸਨੇ ਯੁੱਧ ਕਰਨ ਦੇ ਤਰੀਕਿਆਂ ਨੂੰ ਬਦਲ ਦਿੱਤਾ ਹੈ | ਮੌਜੂਦਾ ਸਮੇਂ ਜਦੋਂ ਭਾਰਤ ਤੇ ਪਾਕਿਸਤਾਨ ਦੋਵੇਂ ਆਪਣੀਆਂ ਫ਼ੌਜੀ ਸਮਰਥਾਵਾਂ ਵਧਾ ਰਹੇ ਹਨ ਤਾਂ ਇਸ 'ਚ ਹਥਿਆਰਬੰਦ ਅਤੇ ਨਿਹੱਥੇ ਦੋਵੇਂ ਡਰੋਨ ਵੀ ਸ਼ਾਮਿਲ ਹਨ | ਪਿਛਲੇ ਸਾਲ ਭਾਰਤ ਨੇ ਪਾਕਿ ਦੇ ਅੰਦਰ ਅੱਤਵਾਦੀ ਠਿਕਾਣਿਆਂ 'ਤੇ ਹਮਲੇ ਕੀਤੇ ਸਨ | ਇਸ ਫ਼ੌਜੀ ਕਾਰਵਾਈ ਨੂੰ ਆਪ੍ਰੇਸ਼ਨ ਸੰਧੂਰ ਦਾ ਨਾਮ ਦਿੱਤਾ ਗਿਆ | ਪਾਕਿਸਤਾਨ ਨੇ ਵੀ ਭਾਰਤੀ ਟਿਕਾਣਿਆਂ 'ਤੇ ਝੁੰਡ ਡਰੋਨਾਂ ਨਾਲ ਹਮਲਾ ਕੀਤਾ ਸੀ | ਇਸ ਨੂੰ ਉਪ-ਮਹਾਂਦੀਪ 'ਚ ਦੋ ਪ੍ਰਮਾਣੂ-ਹਥਿਆਰਬੰਦ ਗੁਆਂਢੀਆਂ ਵਿਚਕਾਰ ਪਹਿਲਾ ਡਰੋਨ ਯੁੱਧ ਮੰਨਿਆ ਜਾ ਰਿਹਾ ਹੈ | ਹਾਲਾਂਕਿ, ਇਹ ਡਰੋਨ ਦਹਾਕਿਆਂ ਤੋਂ ਮੌਜੂਦ ਹਨ | ਸਰਕਾਰੀ ਅੰਕੜਿਆਂ ਅਨੁਸਾਰ 1 ਨਵੰਬਰ 2024 ਤੋਂ 31 ਅਕਤੂਬਰ 2025 ਦੇ ਵਿਚਕਾਰ 3,323 ਕਿੱਲੋਮੀਟਰ ਲੰਬੀ ਭਾਰਤ-ਪਾਕਿਸਤਾਨ ਸਰਹੱਦ 'ਤੇ 1,816 ਡਰੋਨ ਵੇਖੇ ਗਏ | ਸੀਮਾ ਸੁਰੱਖਿਆ ਬਲ ਦੇ ਅਨੁਸਾਰ ਇਨ੍ਹਾਂ ਦੀ ਵਰਤੋਂ ਪਾਕਿ ਤੋਂ ਭਾਰਤ ਵੱਲ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਢੋਆ-ਢੁਆਈ ਲਈ ਕੀਤੀ ਗਈ | ਮਾਹਿਰਾਂ ਦਾ ਕਹਿਣਾ ਹੈ ਕਿ ਡਰੋਨ ਕਾਰਵਾਈਆਂ ਵਧੇਰੇ ਪ੍ਰਭਾਵਸ਼ਾਲੀ ਹਨ ਕਿਉਂਕਿ ਇਹ ਆਲੇ-ਦੁਆਲੇ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਦੀਆਂ ਹਨ |
ਡਰੋਨ ਤਕਨਾਲੋਜੀ ਨਾਲ ਬਦਲ ਰਹੇ ਯੁੱਧ ਕਰਨ ਦੇ ਤਰੀਕੇ
ਅਸਮਾਨ 'ਚ ਉਡਾਣ ਭਰਦੇ ਡਰੋਨ ਦੀ ਤਸਵੀਰ | ਤਸਵੀਰ ਰਾਹੀਂ : ਸੁਰਿੰਦਰ ਕੋਛੜ<br/>
12-05-2026