17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਮੇਂ ਦੇ ਥਪੇੜਿਆਂ 'ਚ ਗੁਆਚ ਗਏ ਨੇ ਮਾਝੇ ਦੇ 'ਮੂਸਲ', ਮਾਲਵੇ-ਦੁਆਬੇ ਦੇ 'ਕੁੱਪ'! <br/>

ਅਜੀਤ ਡੈਸਕ 12-05-2026

ਟਾਹਲੀ ਸਾਹਿਬ, 11 ਮਈ (ਵਿਨੋਦ ਭੀਲੋਵਾਲ )- 'ਸਮਾਂ ਬੜਾ ਬਲਵਾਨ ਏ...!' ਸਿਆਣਿਆਂ ਦਾ ਇਹ ਕਥਨ ਅਲੋਪ ਹੋ ਰਹੇ ਪੇਂਡੂ ਵਿਰਸੇ ਅਤੇ ਪੁਰਾਤਨ ਖੇਤੀਬਾੜੀ ਤੋਂ ਭੇਸ ਵਟਾ ਕੇ ਆਧੁਨਿਕਤਾ ਦੇ ਅਜੋਕੇ ਦੌਰ 'ਚ 'ਦਾਖ਼ਲ' ਹੋ ਚੁੱਕੀ 'ਖੇਤੀਬਾੜੀ' 'ਤੇ ਪੂਰੀ ਤਰ੍ਹਾਂ ਢੁੱਕਦਾ ਜਾਪਦੈ | ਆਧੁਨਿਕ ਤਕਨੀਕਾਂ ਦੀਆਂ ਪੈੜਾਂ 'ਤੇ ਚੱਲਦਿਆਂ ਬਹੁਗਿਣਤੀ ਕਿਸਾਨਾਂ ਵਲੋਂ ਨਿੱਤ ਨਵੀਂ ਮਸ਼ੀਨਰੀ ਨਾਲ 'ਗਾਟੀ' ਪਾ ਕੇ ਖੇਤੀਬਾੜੀ ਦੇ ਹਰ ਔਖੇ ਕੰਮ ਨੂੰ ਸੁਖਾਲਾ ਬਣਾਉਂਦਿਆਂ 'ਫਰੀ ਮਾਇੰਡ' ਰਹਿਣ ਦਾ ਵਰਤਾਰਾ ਆਮ ਹੋ ਗਿਆ ਦੇਖਿਆ ਜਾ ਸਕਦਾ ਹੈ | 1970-1980 ਦੇ ਦਹਾਕੇ ਦਰਮਿਆਨ ਖੇਤੀਬਾੜੀ ਵਿਚ ਮਸ਼ੀਨਰੀ ਦਾ ਦੌਰ ਤੇਜ਼ੀ ਨਾਲ ਸ਼ੁਰੂ ਹੋਇਆ | ਪਹਿਲਾਂ ਟਰੈਕਟਰਾਂ ਨੇ ਬਲਦਾਂ ਦੀ ਥਾਂ ਲਈ ਅਤੇ ਫਲਿਆਂ ਦਾ ਕੰਮ ਥਰੈਸ਼ਰਾਂ ਤੋਂ ਲਿਆ ਜਾਣ ਲੱਗਾ, 1980-1990 ਦੇ ਦਹਾਕੇ ਦੌਰਾਨ ਪੰਜਾਬ 'ਚ ਕੰਬਾਈਨਾਂ ਦੀ ਆਮਦ ਨਾਲ ਥਰੈਸ਼ਰਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ, ਜਿਸ ਮਗਰੋਂ ਤੂੜੀ ਬਣਾਉਣ ਦੀ ਸਮੱਸਿਆ ਦੇ ਹੱਲ ਲਈ 1990-2000 ਦੇ ਦਹਾਕੇ 'ਚ ਹੋਂਦ ਵਿਚ ਆਏ ਰੀਪਰਾਂ ਦੀ ਵਰਤੋਂ ਨਾਲ ਹਾੜੀ ਸੀਜ਼ਨ ਦਾ ਸਮੁੱਚਾ ਨਕਸ਼ਾ ਹੀ ਬਦਲ ਗਿਆ | ਜ਼ਿਕਰਯੋਗ ਹੈ ਕਿ ਪੁਰਾਤਨ ਸਮਿਆਂ 'ਚ ਕਣਕ ਦੀ ਵਾਢੀ ਮਗਰੋਂ ਤੂੜੀ ਨੂੰ ਪਸ਼ੂਆਂ ਦੀ ਖੁਰਾਕ ਵਜੋਂ ਦੇਸੀ ਜੁਗਾੜ ਰੂਪੀ ਢਾਂਚੇ 'ਚ ਸਟੋਰ ਕੀਤਾ ਜਾਂਦਾ ਸੀ, ਮਾਝੇ 'ਚ ਇਨ੍ਹਾਂ ਨੂੰ 'ਮੂਸਲ' ਕਿਹਾ ਜਾਂਦਾ ਸੀ, ਜਦਕਿ ਮਾਲਵੇ ਤੇ ਦੁਆਬੇ 'ਚ 'ਕੁੱਪ' ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜੋ ਕਿ ਹੁਣ ਸਮੇਂ ਦੇ ਥਪੇੜਿਆਂ ਨਾਲ ਤਕਰੀਬਨ ਅਲੋਪ ਹੀ ਹੋ ਚੁੱਕੇ ਹਨ | ਪਿੰਡਾਂ ਦੇ ਬਾਹਰਵਾਰ ਖੇਤਾਂ ਦੀ ਬੁੱਕਲ 'ਚ ਬਣੇ ਅਜਿਹੇ ਮੂਸਲ ਪੇਂਡੂ ਵਿਰਸੇ ਦੀ ਨਿਵੇਕਲੀ ਕਾਰੀਗਰੀ ਦੀ ਗਵਾਹੀ ਭਰਦੇ ਨਜ਼ਰ ਆਉਂਦੇ ਸਨ, ਪਰ ਅੱਜ ਕੱਲ ਤੂੜੀ ਸਾਂਭਣ ਦੇ ਆਧੁਨਿਕ ਢੰਗਾਂ ਨੇ ਮੂਸਲਾਂ ਦੀ ਲੋੜ ਲਗਪਗ ਮੁਕਾ ਦਿੱਤੀ ਹੈ | ਉੱਘੇ ਸਮਾਜ ਸੇਵੀ ਪਿ੍ੰ: ਬਚਿੱਤਰ ਸਿੰਘ ਤਰਸਿੱਕਾ ਦਾ ਇਸ ਸਬੰਧੀ ਤਰਕ ਸੀ ਕਿ ਪੰਜਾਬ ਦੇ ਅਨਮੋਲ ਵਿਰਸੇ ਨੂੰ ਸੰਭਾਲਣ ਲਈ ਵਿਰਸਾ ਮੇਲੇ ਕਰਵਾਉਣ ਦੇ ਨਾਲ-ਨਾਲ ਸਕੂਲਾਂ ਵਿਚ ਪੁਰਾਣੇ ਖੇਤੀਬਾੜੀ ਸੰਦਾਂ ਦੀਆਂ ਝਲਕੀਆਂ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ |

ਪਿਛਲੀ ਖ਼ਬਰ ਭਾਰਤ ਦੇ ਲੋਕ ਹਰ ਰੋਜ਼ ਕਿੰਨੇ ਕਰੋੜ ਦੀ ਸੋਨੇ ਦੀ ਖਰੀਦਦਾਰੀ ਕਰਦੇ ਹਨ? ਅਗਲੀ ਖ਼ਬਰ ਪੰਜਾਬ ਭਾਜਪਾ ਜਨ: ਸਕੱਤਰ ਨੇ ਸੋਧੇ ਕਾਨੂੰਨ ਤਹਿਤ ਪੁਲਿਸ ਨੂੰ ਕੀਤੀ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।