ਸੰਗਰੂਰ, 17 ਮਈ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਨੂੰ ਬਿਜਲੀ ਖੰਭਾ ਰਹਿਤ ਕਰਨ ਲਈ ਪਾਇਲਟ ਪ੍ਰਾਜੈਕਟ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਨੰੂ ਚੁਣਿਆ ਗਿਆ ਹੈ | ਇਸ ਪ੍ਰਾਜੈਕਟ ਅਧੀਨ ਪਿੰਡ ਦੁਆਲੇ ਖੇਤਾਂ ਅਤੇ ਸੜਕ 'ਤੇ ਲੱਗੇ 400 ਦੇ ਕਰੀਬ ਬਿਜਲੀ ਦੇ ਖੰਭੇ ਪੁੱਟ ਕੇ ਤਾਰਾਂ ਜ਼ਮੀਨਦੋਜ਼ ਕੀਤੀਆਂ ਜਾਣਗੀਆਂ | ਇਸ ਪਾਇਲਟ ਪ੍ਰਾਜੈਕਟ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ 19 ਮਈ ਨੰੂ ਆਪਣੇ ਪਿੰਡ ਸਤੌਜ ਜਾਣਗੇ | ਜਾਣਕਾਰੀ ਅਨੁਸਾਰ ਇਹ ਪਾਇਲਟ ਪ੍ਰਾਜੈਕਟ ਦੋ ਮਹੀਨੇ ਵਿਚ ਪੂਰਾ ਹੋਣ ਦੀ ਸੰਭਾਵਨਾ ਹੈ | ਇਹ ਪ੍ਰਾਜੈਕਟ ਪੂਰਾ ਹੋਣ ਪਿੱਛੋਂ ਇਸ ਦੀ ਪੜਚੋਲ ਕੀਤੀ ਜਾਵੇਗੀ | ਜੇ ਕੋਈ ਵੱਡੀ ਸਮੱਸਿਆ ਨਾ ਹੋਈ ਤਾਂ ਇਸ ਨੂੰ ਪੂਰੇ ਪੰਜਾਬ ਵਿਚ ਲਾਗੂ ਕਰਨ ਲਈ ਕਦਮ ਪੁੱਟੇ ਜਾਣਗੇ | ਮੁੱਢਲੀ ਜਾਣਕਾਰੀ ਅਨੁਸਾਰ ਇਸ ਪਾਇਲਟ ਪ੍ਰਾਜੈਕਟ 'ਤੇ 6-7 ਕਰੋੜ ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ |