ਜਸਵੰਤ ਸਿੰਘ ਜੱਸ
ਅੰਮਿ੍ਤਸਰ, 17 ਮਈ-ਭਾਈ ਅੰਮਿ੍ਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ (ਪੁਨਰ ਸੁਰਜੀਤ) ਦਰਮਿਆਨ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਥਕ ਏਕਤਾ ਲਈ ਚੋਣ ਗਠਜੋੜ ਕਰਨ ਹਿਤ ਕਰੀਬ ਇਕ ਮਹੀਨਾ ਪਹਿਲਾਂ ਹੀ ਗਠਤ ਕੀਤੀ ਗਈ ਸਾਂਝੀ 8 ਮੈਂਬਰੀ 'ਪੰਥਕ ਏਕਤਾ ਤਾਲਮੇਲ ਕਮੇਟੀ' ਦਾ ਤਾਲਮੇਲ ਸ਼ੁਰੂ ਵਿਚ ਹੀ 'ਖਤਮ' ਹੋ ਜਾਣ ਦੀ ਸੂਚਨਾ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਪਾਰਟੀਆਂ ਵਿਚ ਚੰਗਾ ਅਸਰ ਰਸੂਖ ਰੱਖਣ ਵਾਲੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਵਿਚ ਦੋਵਾਂ ਪਾਰਟੀਆਂ ਵਲੋਂ ਗਠਿਤ ਕੀਤੀ ਗਈ | ਅੱਠ ਮੈਂਬਰੀ ਪੰਥਕ ਏਕਤਾ ਤਾਲਮੇਲ ਕਮੇਟੀ ਵਲੋਂ ਲਗਾਤਾਰ ਕਈ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਕੀਤੇ ਗਏ, ਪਰ ਕੁਝ ਮੂਲ ਅਤੇ ਅਹਿਮ ਸਿਧਾਂਤਕ ਮੁੱਦਿਆਂ 'ਤੇ ਸਹਿਮਤੀ ਨਾ ਬਣ ਸਕਣ ਕਾਰਨ ਇਹ ਤਾਲਮੇਲ ਹੁਣ ਖ਼ਤਮ ਹੋ ਗਿਆ ਹੈ | ਇਸ ਦਾ ਮੁੱਖ ਕਾਰਨ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਨੈਤਿਕ ਆਧਾਰ ਗੁਆ ਚੁੱਕੇ ਕੁਝ ਪੰਥਕ ਆਗੂਆਂ ਨੂੰ ਪਾਰਟੀ ਵਿਚ ਅੱਗੇ ਲਿਆਉਣਾ ਦੱਸਿਆ ਜਾ ਰਿਹਾ ਹੈ | ਚੋਣ ਗਠਜੋੜ ਲਈ ਬਣੀ ਅੱਠ ਮੈਂਬਰੀ ਪੰਥਕ ਏਕਤਾ ਤਾਲਮੇਲ ਕਮੇਟੀ ਦੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਲੋਂ ਚਾਰ ਮੈਂਬਰੀ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਮੈਂਬਰਾਂ, ਬਾਬੂ ਸਿੰਘ ਬਰਾੜ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਪ੍ਰਗਟ ਸਿੰਘ ਰਈਆ ਤੇ ਭਾਈ ਰਛਪਾਲ ਸਿੰਘ ਸੋਸਣ ਵਲੋਂ ਅੱਜ ਸ਼ਾਮ ਪਾਰਟੀ ਦੇ ਮੀਡੀਆ ਸਲਾਹਕਾਰ ਸ਼ਮਸ਼ੇਰ ਸਿੰਘ ਪੱਧਰੀ ਦੁਆਰਾ ਜਾਰੀ ਕੀਤੇ ਬਿਆਨ ਵਿਚ ਕਿਹਾ ਹੈ ਕਿ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਦੀ ਸਪੱਸ਼ਟ ਭਾਵਨਾ ਹੈ ਕਿ ਪੰਥ ਤੇ ਪੰਜਾਬ ਦੀ ਅਗਵਾਈ ਸਿਰਫ ਉਹੀ ਆਗੂ ਕਰਨ ਜੋ ਪੰਥ ਪ੍ਰਵਾਨਿਤ, ਇਮਾਨਦਾਰ ਤੇ ਸਾਫ-ਸੁਥਰੇ ਅਕਸ ਵਾਲੇ ਹੋਣ | ਉਨ੍ਹਾਂ ਕਿਹਾ ਕਿ 'ਪੰਥਕ ਏਕਤਾ ਤਾਲਮੇਲ ਕਮੇਟੀ' ਦੇ ਗਠਨ ਤੋਂ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮੇ ਦੀ ਰੌਸ਼ਨੀ ਵਿਚ ਇਹ ਆਪਸੀ ਸਹਿਮਤੀ ਬਣੀ ਸੀ ਕਿ ਜਿਹੜੇ ਆਗੂ 'ਪੰਥ ਦੀ ਅਗਵਾਈ ਕਰਨ ਦਾ ਨੈਤਿਕ ਆਧਾਰ ਗੁਆ ਚੁੱਕੇ ਹਨ', ਉਨ੍ਹਾਂ ਨੂੰ ਅਗਵਾਈ ਤੋਂ ਪਾਸੇ ਕੀਤਾ ਜਾਵੇਗਾ, ਪ੍ਰੰਤੂ ਦੂਜੀ ਧਿਰ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਨਾ ਸਿਰਫ ਅਜਿਹੇ ਆਗੂਆਂ ਨੂੰ ਸਨਮਾਨਿਤ ਅਹੁਦੇ ਦਿੱਤੇ ਗਏ, ਸਗੋਂ ਉਨ੍ਹਾਂ ਨੂੰ ਅਗਵਾਈ ਦੀ ਕਮਾਨ ਵੀ ਸੌਂਪੀ ਗਈ, ਜੋ ਪੰਥਕ ਏਕਤਾ ਦੀ ਭਾਵਨਾ ਤੇ ਸੰਗਤਾਂ ਦੀਆਂ ਉਮੀਦਾਂ ਦੇ ਉਲਟ ਹੈ | ਉਨ੍ਹਾਂ ਦੋਸ਼ ਲਾਇਆ ਕਿ ਦੂਜੀ ਧਿਰ ਦੀ ਲੀਡਰਸ਼ਿਪ ਵਲੋਂ ਲਗਾਤਾਰ ਗ਼ੈਰ-ਜਿੰਮੇਵਾਰਾਨਾ ਬਿਆਨਬਾਜ਼ੀ ਕੀਤੀ ਜਾ ਰਹੀ ਸੀ, ਜਿਸ ਨਾਲ ਗਠਜੋੜ ਦੀ ਬੁਨਿਆਦ ਹੀ ਕਮਜ਼ੋਰ ਹੋ ਰਹੀ ਸੀ | ਇਸ ਸਥਿਤੀ ਨੂੰ ਵੇਖਦਿਆਂ ਅਤੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੀ ਸੀਨੀਅਰ ਲੀਡਰਸ਼ਿਪ ਵਲੋਂ ਰਾਇ-ਮਸ਼ਵਰਾ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਹੈ | ਤਾਲਮੇਲ ਕਮੇਟੀ ਮੈਂਬਰਾਂ ਨੇ ਇਹ ਵੀ ਕਿਹਾ ਕਿ ਦੂਜੀ ਧਿਰ ਵਿਚ ਮੌਜੂਦ ਕਈ ਸੁਹਿਰਦ, ਪੰਥਕ ਸੋਚ ਵਾਲੇ ਤੇ ਸਾਫ ਅਕਸ ਦੇ ਆਗੂਆਂ ਨੇ ਇਸ ਗਠਜੋੜ ਨੂੰ ਸਫਲ ਬਣਾਉਣ ਲਈ ਇਮਾਨਦਾਰ ਕੋਸ਼ਿਸ਼ਾਂ ਕੀਤੀਆਂ, ਪਰ ਮੌਜੂਦਾ ਹਾਲਾਤਾਂ ਵਿਚ ਉਹ ਖ਼ੁਦ ਵੀ ਬੇਵੱਸ ਨਜ਼ਰ ਆ ਰਹੇ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਪੰਥ ਪ੍ਰਵਾਨਿਤ, ਇਮਾਨਦਾਰ ਅਤੇ ਸੁਹਿਰਦ ਆਗੂਆਂ ਲਈ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਰਹਿਣਗੇ ਅਤੇ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਸਾਫ-ਸੁਥਰੀ ਪੰਥਕ ਸਿਆਸਤ ਦਾ ਸੰਘਰਸ਼ ਜਾਰੀ ਰਹੇਗਾ | ਇੱਥੇ ਜ਼ਿਕਰਯੋਗ ਹੈ ਕਿ ਇਕ ਮਹੀਨਾ ਪਹਿਲਾਂ 18 ਅਪ੍ਰੈਲ ਨੂੰ ਜਲੰਧਰ ਵਿਖੇ ਹੋਈ ਇਕੱਤਰਤਾ ਦੌਰਾਨ ਦੋਵਾਂ ਪੰਥਕ ਪਾਰਟੀਆਂ ਦਰਮਿਆਨ ਚੋਣਾਂ ਤੋਂ ਪਹਿਲਾਂ ਸਿਆਸੀ ਗਠਜੋੜ ਹੋਣ ਦੀ ਸੰਭਾਵਨਾ ਨੇ ਸਿਆਸੀ ਗਲਿਆਰਿਆਂ ਵਿਚ ਚਰਚਾ ਛੇੜ ਦਿੱਤੀ ਸੀ ਤੇ ਸਮਝਿਆ ਜਾਂਦਾ ਸੀ ਕਿ ਜਲਦੀ ਹੀ ਦੋਵਾਂ ਪੰਥਕ ਪਾਰਟੀਆਂ ਦੇ ਸਿਆਸੀ ਗਠਜੋੜ ਵਿਚ ਹੋਰ ਕਈ ਪੰਥਕ ਪਾਰਟੀਆਂ ਵੀ ਸ਼ਾਮਿਲ ਹੋ ਸਕਦੀਆਂ ਹਨ | ਪਰ ਅੱਜ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਸਿਆਸੀ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਫਿਲਹਾਲ ਖਤਮ ਕਰਦਿਆਂ ਪੰਥਕ ਏਕਤਾ ਤਾਲਮੇਲ ਕਮੇਟੀ ਨੂੰ ਰੱਦ ਕਰ ਦਿੱਤਾ ਗਿਆ ਹੈ |
'ਵਾਰਿਸ ਪੰਜਾਬ ਦੇ' ਤੇ 'ਪੁਨਰ ਸੁਰਜੀਤ' ਦਰਮਿਆਨ ਸਿਰੇ ਨਹੀਂ ਚੜਿ੍ਹਆ ਗਠਜੋੜ <br/>
ਅਜੀਤ ਡੈਸਕ
18-05-2026