ਪੰਜ ਪਿਆਰੇ ਸਾਹਿਬਾਨ ਕਰਨਗੇ ਅਗਵਾਈ, 23 ਨੂੰ ਖੁੱਲ੍ਹਣਗੇ ਕਿਵਾੜ
ਰਿਸ਼ੀਕੇਸ਼ ਤੋਂ ਸੁਰਿੰਦਰਪਾਲ ਸਿੰਘ ਵਰਪਾਲ ਦੀ ਵਿਸ਼ੇਸ਼ ਰਿਪੋਰਟ
ਰਿਸ਼ੀਕੇਸ਼, 19 ਮਈ-ਉੱਤਰਾਖੰਡ ਦੇ ਜ਼ਿਲ੍ਹਾ ਚਮੋਲੀ ਵਿਖੇ ਸੁਸ਼ੋਭਿਤ ਸ੍ਰੀ ਹੇਮਕੁੰਟ ਸਾਹਿਬ ਦੀ 23 ਮਈ ਤੋਂ ਸ਼ੁਰੂ ਹੋ ਰਹੀ ਸਾਲਾਨਾ ਯਾਤਰਾ ਦੀਆਂ ਤਿਆਰੀਆਂ ਜਿੱਥੇ ਮੁਕੰਮਲ ਹੋ ਗਈਆਂ ਹਨ ਉੱਥੇ ਹੀ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ, ਉਤਰਾਖੰਡ ਸਰਕਾਰ ਅਤੇ ਪ੍ਰਸ਼ਾਸਨ ਇਸ ਯਾਤਰਾ ਵਿਚ ਸ਼ਮੂਲੀਅਤ ਕਰਨ ਵਾਲੀ ਸੰਗਤ ਦੀ ਮਹਿਮਾਨ ਨਿਵਾਜ਼ੀ ਲਈ ਉਤਸ਼ਾਹਿਤ ਹੈ ¢ ਇਸ ਯਾਤਰਾ ਦੇ ਮੁੱਢਲੇ ਪੜਾਅ ਸ਼੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਵਿਖੇ ਅੱਜ ਵੱਖ-ਵੱਖ ਸੂਬਿਆਂ ਤੋਂ ਸੰਗਤ ਦੀ ਆਮਦ ਸ਼ੁਰੂ ਹੋ ਗਈ ਹੈ, ਜਿਨ੍ਹਾਂ ਦੀ ਰਿਹਾਇਸ਼, ਲੰਗਰ ਸਮੇਤ ਹੋਰ ਲੋੜੀਂਦੇ ਪ੍ਰਬੰਧ ਟਰੱਸਟ ਵਲੋਂ ਜੰਗੀ ਪੱਧਰ 'ਤੇ ਕੀਤੇ ਗਏ ਹਨ ¢ ਯਾਤਰਾ ਦਾ ਪਹਿਲਾ ਜਥਾ ਭਲਕੇ 20 ਮਈ ਨੂੰ ਸਵੇਰੇ 12 ਵਜੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਵੇਗਾ, ਜਿਸ 'ਚ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਗੁਰਮੀਤ ਸਿੰਘ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਦਿੱਲੀ ਦੇ ਉੱਪ ਰਾਜਪਾਲ ਤਰਨਜੀਤ ਸਿੰਘ ਸੰਧੂ ਸਮੇਤ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੇ¢ ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ, ਕੀਰਤਨ ਹੋਵੇਗਾ ਤੇ ਆਰੰਭਤਾ ਦੀ ਅਰਦਾਸ ਹੋਣ ਮਗਰੋਂ ਪੰਜ ਪਿਆਰੇ ਸਾਹਿਬਾਨ ਨੂੰ ਸਨਮਾਨਿਤ ਕਰਕੇ ਜਥੇ ਨੂੰ ਰਵਾਨਾ ਕਰਨ ਦੀ ਰਸਮ ਨਿਭਾਈ ਜਾਵੇਗੀ ¢ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ, ਮੈਨੇਜਰ ਕਰਨੈਲ ਸਿੰਘ, ਸਹਾਇਕ ਮੈਨੇਜਰ ਮਨਜੀਤ ਸਿੰਘ ਅਤੇ ਸਰਕਾਰ ਦੇ ਹੋਰ ਉੱਚ ਅਧਿਕਾਰੀਆਂ ਵਲੋਂ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਇਸ ਯਾਤਰਾ ਦੇ ਵੱਖ-ਵੱਖ ਪੜਾਵਾਂ ਹਰਿਦੁਆਰ, ਰਿਸ਼ੀਕੇਸ਼, ਸ੍ਰੀਨਗਰ, ਰਤੂੜਾ, ਜੋਸ਼ੀ ਮੱਠ, ਗੋਬਿੰਦ ਘਾਟ ਅਤੇ ਗੋਬਿੰਦ ਧਾਮ ਆਦਿ ਸਥਾਨਾਂ ਵਿਖੇ ਬਣਾਈਆਂ ਗਈਆਂ ਸਰਾਵਾਂ 'ਚ ਟਰੱਸਟ ਵਲੋਂ ਲੰਗਰ, ਰਿਹਾਇਸ਼, ਸਿਹਤ ਸੇਵਾਵਾਂ ਤੋਂ ਇਲਾਵਾ ਹੋਰ ਲੋੜੀਂਦੀਆਂ ਸਹੂਲਤਾਂ ਦੇ ਪੁਖ਼ਤਾ ਪ੍ਰਬੰਧਾਂ ਕੀਤੇ ਗਏ ਹਨ ¢ ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨੇ ਦੱਸਿਆ ਕਿ ਯਾਤਰਾ ਸਬੰਧੀ ਹਰੇਕ ਪ੍ਰਕਾਰ ਦੀ ਦਰੁਸਤ ਜਾਣਕਾਰੀ ਲਈ ਮੈਨੇਜਮੈਂਟ ਟਰੱਸਟ ਨਾਲ ਸੰਪਰਕ ਕੀਤਾ ਜਾਵੇ | ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਯਾਤਰੀ ਆਪਣੇ ਅਗਲੇ ਸਫ਼ਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਵਿਖੇ ਆਪਣੀ ਰਜਿਸਟਰੇਸ਼ਨ ਯਕੀਨੀ ਕਰਵਾਉਣ ¢ ਉਨ੍ਹਾ ਦੱਸਿਆ ਕਿ ਭਲਕੇ ਰਿਸ਼ੀਕੇਸ਼ ਤੋਂ ਪਹਿਲਾ ਜਥਾ ਰਵਾਨਾ ਹੋਣ ਮੌਕੇ ਟਰੱਸਟ ਵਲੋਂ ਸੰਗਤ ਲਈ ਮੁਫ਼ਤ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇਹ ਜਥਾ ਸ਼੍ਰੀਨਗਰ ਵਿਖੇ ਰਾਤਰੀ ਦਾ ਵਿਸ਼ਰਾਮ ਕਰਕੇ 21 ਮਈ ਨੂੰ ਅਗਲੇ ਪੜਾਅ ਗੋਬਿੰਦ ਘਾਟ ਲਈ ਰਵਾਨਾ ਹੋਵੇਗਾ ¢
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਅੱਜ ਰਵਾਨਾ ਹੋਵੇਗਾ ਪਹਿਲਾ ਜਥਾ
ਅਜੀਤ ਡੈਸਕ
20-05-2026