30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਕੁਰਾਲੀ ਬਾਈਪਾਸ 'ਤੇ ਮੋਟਰਸਾਈਕਲ ਸਵਾਰਾਂ ਨੇ ਇਨੋਵਾ ਗੱਡੀ 'ਤੇ ਚਲਾਈਆਂ ਗੋਲੀਆਂ <br/>

ਅਜੀਤ ਡੈਸਕ 20-05-2026

ਕੁਰਾਲੀ, 19 ਮਈ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੇ ਬਾਈਪਾਸ 'ਤੇ ਮੋਟਰਸਾਈਕਲ ਸਵਾਰਾਂ ਵਲੋਂ ਇਕ ਇਨੋਵਾ ਗੱਡੀ 'ਤੇ ਫਾਈਰਿੰਗ ਕਰ ਦਿੱਤੀ ਗਈ | ਇਸ ਦੌਰਾਨ ਇਨੋਵਾ ਚਾਲਕ ਗਗਨਦੀਪ ਜੰਮੂ ਪੁੱਤਰ ਐਡਵੋਕੇਟ ਅਤੇ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਨੇ ਆਪਣੀ ਗੱਡੀ ਭਜਾ ਕੇ ਜਾਨ ਬਚਾਈ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਕੁਰਾਲੀ ਪੁਲਿਸ ਨੇ ਇਸ ਘਟਨਾ ਦੇ ਸੰਬੰਧ 'ਚ ਅਣਪਛਾਤੇ ਮੋਟਰਸਾਈਕਲ ਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਘਟਨਾ ਸੰਬੰਧੀ ਚੰਡੀਗੜ੍ਹ ਦੇ ਸੈਕਟਰ-36-ਬੀ ਦੇ ਵਸਨੀਕ ਗਗਨਦੀਪ ਜੰਮੂ ਨੇ ਸਥਾਨਕ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਹ ਆਪਣੇ ਦੋਸਤ ਨੂੰ ਮਿਲਣ ਲਈ ਰੋਪੜ ਵੱਲ ਜਾ ਰਿਹਾ ਸੀ ਤੇ ਇਸੇ ਦੌਰਾਨ ਜਦੋਂ ਉਹ ਕੁਰਾਲੀ ਬਾਈਪਾਸ 'ਤੇ ਪੁੱਜਿਆ ਤਾਂ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਇਨੋਵਾ ਗੱਡੀ ਉੱਤੇ ਫਾਈਰਿੰਗ ਕਰ ਦਿੱਤੀ | ਗਗਨਦੀਪ ਜੰਮੂ ਨੇ ਦੱਸਿਆ ਕਿ ਫਾਈਰਿੰਗ ਕਾਰਨ ਉਹ ਘਬਰਾ ਗਿਆ ਅਤੇ ਉਸ ਨੇ ਗੱਡੀ ਕੱਚੇ ਰਸਤੇ ਪਾ ਲਈ | ਇੰਨੇ 'ਚ ਅਣਪਛਾਤੇ ਮੋਟਰਸਾਈਕਲ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ | ਇਸ ਸ਼ਿਕਾਇਤ ਨੂੰ ਲੈ ਕੇ ਕੁਰਾਲੀ ਦੇ ਥਾਣਾ ਸਦਰ ਦੀ ਪੁਲਿਸ ਨੇ ਮੁਢਲੀ ਜਾਂਚ ਉਪਰੰਤ ਅਣਪਛਾਤੇ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਬਾਰ ਐਸੋਸੀਏਸ਼ਨ ਤੇ ਪੱਤਰਕਾਰ ਭਾਈਚਾਰੇ ਵਲੋਂ ਨਿੰਦਾ
ਚੰਡੀਗੜ੍ਹ, (ਪ੍ਰੋ. ਅਵਤਾਰ ਸਿੰਘ) –ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਗਗਨਦੀਪ ਜੰਮੂ 'ਤੇ ਹੋਏ ਜਾਨਲੇਵਾ ਹਮਲੇ ਦੀ ਕਾਨੂੰਨੀ ਤੇ ਪੱਤਰਕਾਰ ਭਾਈਚਾਰੇ ਵਲੋਂ ਤਿੱਖੇ ਸ਼ਬਦਾਂ 'ਚ ਨਿੰਦਾ ਕੀਤੀ ਗਈ ਹੈ | ਬਾਰ ਐਸੋਸੀਏਸ਼ਨ ਨੇ ਇਸ ਹਮਲੇ ਨੂੰ ਕਾਇਰਾਨਾ ਤੇ ਘਿਨੌਣਾ ਕਰਾਰ ਦਿੰਦਿਆਂ ਕਿਹਾ ਕਿ ਇਹ ਸਿਰਫ਼ ਇਕ ਵਕੀਲ 'ਤੇ ਨਹੀਂ, ਸਗੋਂ ਪੂਰੇ ਕਾਨੂੰਨੀ ਭਾਈਚਾਰੇ ਦੀ ਆਜ਼ਾਦੀ ਅਤੇ ਮਰਿਆਦਾ 'ਤੇ ਹਮਲਾ ਹੈ | ਇਸੇ ਦੌਰਾਨ ਇੰਡੀਅਨ ਜਰਨਲਿਸਟ ਯੂਨੀਅਨ ਤੇ ਪੰਜਾਬ/ ਚੰਡੀਗੜ੍ਹ ਯੂਨੀਅਨ ਵਲੋਂ ਵੀ ਇਸ ਘਟਨਾ ਦੀ ਤਿੱਖੀ ਨਿੰਦਾ ਕੀਤੀ ਗਈ ਹੈ | ਆਈ.ਜੇ.ਯੂ. ਦੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ., ਪੀ.ਸੀ.ਜੇ.ਯੂ. ਦੇ ਸੂਬਾ ਪ੍ਰਧਾਨ ਜੈ ਸਿੰਘ ਛਿਬਰ, ਸਕੱਤਰ ਜਨਰਲ ਸੰਤੋਖ ਸਿੰਘ ਗਿੱਲ, ਜਥੇਬੰਦਕ ਸਕੱਤਰ ਦਵਿੰਦਰ ਸਿੰਘ ਭੰਗੂ ਅਤੇ ਸੀਨੀਅਰ ਮੀਤ ਪ੍ਰਧਾਨ ਭੂਸ਼ਣ ਸੂਦ ਨੇ ਪ੍ਰਸ਼ਾਸਨ ਤੇ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਐਡਵੋਕੇਟ ਸੇਖਵਾਂ ਦੀ ਅਗਵਾਈ ਹੇਠ ਰਜੇਸ਼ ਅਰੋੜਾ ਕਾਂਗਰਸ ਛੱਡ 'ਆਪ' 'ਚ ਹੋਏ ਸ਼ਾਮਿਲ ਅਗਲੀ ਖ਼ਬਰ ਲੰਬੜਦਾਰ ਨਿਯੁਕਤੀ ਲਈ ਸਿੱਖਿਅਕ ਯੋਗਤਾ ਨਿਰਧਾਰਿਤ ਕਰਨ 'ਤੇ ਵਿਚਾਰ ਕਰੇ ਪੰਜਾਬ ਸਰਕਾਰ-ਹਾਈ ਕੋਰਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।