ਸ੍ਰੀ ਚਮਕੌਰ ਸਾਹਿਬ, 4 ਜੂਨ (ਜਗਮੋਹਣ ਸਿੰਘ ਨਾਰੰਗ)-ਸੀਨੀਅਰ ਪੱਤਰਕਾਰ, ਸਮਾਜ ਸੇਵੀ, ਤਰਕਸ਼ੀਲ ਤੇ ਵਿੱਦਿਅਕ ਚਿੰਤਕ ਤੇ ਉੱਘੇ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ (71 ਸਾਲ) ਦਾ ਅੱਜ ਤੜਕੇ ਘਰ ਦੇ ਨੇੜੇ ਹੀ ਨਾਲ਼ੇ ਵਿਚ ਡਿਗ ਜਾਣ ਕਾਰਨ ਦਿਹਾਂਤ ਹੋ ਗਿਆ | ਜਾਣਕਾਰੀ ਅਨੁਸਾਰ ਸਵਰਨ ਸਿੰਘ ਭੰਗੂ ਆਪਣਾ ਸਾਈਕਲ ਲੈ ਕੇ ਤੜਕੇ ਹੀ ਰੋਜ਼ਾਨਾ ਦੀ ਤਰ੍ਹਾਂ ਨਿਕਲੇ, ਪਰ ਉਹ ਵਾਪਸ ਨਹੀਂ ਪਰਤੇ ਤੇ ਸਵੇਰੇ 7 ਵਜੇ ਦੇ ਕਰੀਬ ਉਨ੍ਹਾਂ ਦੀ ਲਾਸ਼ ਸਾਈਕਲ ਸਮੇਤ ਨਾਲ਼ੇ ਵਿਚ ਮਿਲਣ ਉਪਰੰਤ ਉਨ੍ਹਾਂ ਦੇ ਘਰ ਸੂਚਿਤ ਕੀਤਾ ਗਿਆ | ਮੌਕੇ 'ਤੇ ਪੁੱਜੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਤੇ ਹੋਰਨਾਂ ਪੁਲਿਸ ਦੀ ਸਹਾਇਤਾ ਨਾਲ ਸਵਰਨ ਸਿੰਘ ਭੰਗੂ ਦੀ ਲਾਸ਼ ਨਾਲ਼ੇ 'ਚੋਂ ਕੱਢੀ ਤੇ ਸਥਾਨਕ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਕਰਾਰ ਦਿੱਤਾ | ਉਨ੍ਹਾਂ ਦੇ ਨਜ਼ਦੀਕੀ ਕਲਾਕਾਰ ਮਲਕੀਤ ਰੌਣੀ ਨੇ ਦੱਸਿਆ ਕਿ ਅਸਟ੍ਰੇਲੀਆ ਰਹਿੰਦੇ ਉਨ੍ਹਾਂ ਦੇ ਇਕਲੌਤੇ ਪੁੱਤਰ ਅਮਰਬੀਰ ਸਿੰਘ ਬਾਗ਼ੀ (ਗਾਇਕ ਬਾਗ਼ੀ ਭੰਗੂ) ਦੇ 5 ਜੂਨ (ਸ਼ੁੱਕਰਵਾਰ ਸ਼ਾਮ) ਨੂੰ ਪਰਤਣ ਉਪਰੰਤ 6 ਜੂਨ ਨੂੰ ਉਨ੍ਹਾਂ ਦਾ ਮਿ੍ਤਕ ਸਰੀਰ ਬੱਸੀ ਗੁਜਰਾਂ ਵਿਖੇ ਸ੍ਰੀ ਭੰਗੂ ਵਲੋਂ ਚਲਾਏ ਜਾ ਰਹੇ ਡਰੀਮ ਲੈਂਡ ਪਬਲਿਕ ਸਕੂਲ ਅਤੇ ਕੰਗ ਮੈਮੋਰੀਅਲ ਦਿਹਾਤੀ ਵਿੱਦਿਅਕ ਸੰਸਥਾ ਵਿਖੇ ਸਵੇਰੇ 10 ਤੋਂ 12 ਵਜੇ ਤੱਕ ਰੱਖਿਆ ਜਾਵੇਗਾ | ਇਸ ਘਟਨਾ ਨੇ ਜਿੱਥੇ ਇਲਾਕੇ ਨੂੰ ਗਮਗੀਨ ਕੀਤਾ ਹੈ, ਉਥੇ ਪੱਤਰਕਾਰੀ, ਸਾਹਿੱਤ, ਸਿੱਖਿਆ ਅਤੇ ਸਿਨੇਮਾ ਖੇਤਰ ਵਿਚ ਸੋਗ ਦੀ ਲਹਿਰ ਹੈ | ਇੱਥੇ ਦੱਸਣਯੋਗ ਹੈ ਕਿ ਸਵਰਨ ਸਿੰਘ ਭੰਗੂ ਲੰਮਾ ਸਮਾ ਰੋਜ਼ਾਨਾ ਅਜੀਤ ਲਈ ਸ੍ਰੀ ਚਮਕੌਰ ਸਾਹਿਬ ਉਸ ਤੋਂ ਬਾਅਦ ਸੰਨ 2005 ਤੋਂ 2014 ਤੱਕ ਅਜੀਤ ਉੱਪ ਦਫ਼ਤਰ ਰੂਪਨਗਰ ਦੇ ਜ਼ਿਲ੍ਹਾ ਇੰਚਾਰਜ ਸੇਵਾਵਾਂ ਨਿਭਾਈਆਂ |
ਸੀਨੀਅਰ ਪੱਤਰਕਾਰ ਸਵਰਨ ਸਿੰਘ ਭੰਗੂ ਦਾ ਦਿਹਾਂਤ <br/>
ਅਜੀਤ ਡੈਸਕ
05-06-2026