ਚੰਡੀਗੜ੍ਹ, 18 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਮੌਨਸੂਨ ਦੀ ਸਰਗਰਮੀ ਮੁੜ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਵਲੋਂ 20 ਤੋਂ 22 ਜੁਲਾਈ ਤੱਕ ਉੱਤਰੀ ਖੇਤਰ ਵਿਚ ਭਾਰੀ ਤੋਂ ਭਾਰੀ ਮੀਂਹ ਪੈਣ ਸੰਬੰਧੀ ‘ਔਰੇਜ਼’ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਸਮੇਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿਚ 12 ਸੈਂਟੀਮੀਟਰ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।ਸੂਬੇ ਦੇ ਪਟਿਆਲਾ, ਐਸ.ਏ.ਐਸ. ਨਗਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ਵਿਚ ਅੱਜ ਦਿਨ ਵੇਲੇ ਬੱਦਲ ਛਾਏ ਰਹੇ, ਜਿਸ ਕਾਰਨ ਲੋਕਾਂ ਨੂੰ ਤੇਜ਼ ਧੁੱਪ ਤੇ ਹੁੰਮਸ ਤੋਂ ਰਾਹਤ ਮਿਲੀ ਜ਼ਰੂਰ ਮਿਲੀ। ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 41.1 ਡਿਗਰੀ ਸੈਲਸੀਅਸ ਬਠਿੰਡਾ ਵਿਚ ਦਰਜ ਕੀਤਾ ਗਿਆ, ਜਦੋਂਕਿ ਹੋਰਨਾਂ ਜ਼ਿਲ੍ਹਿਆਂ ਵਿਚ ਅੰਮ੍ਰਿਤਸਰ ’ਚ 37.4 ਡਿਗਰੀ ਸੈਲਸੀਅਸ, ਲੁਧਿਆਣਾ ’ਚ 36.4 ਡਿਗਰੀ, ਪਟਿਆਲਾ ’ਚ 37.5 ਡਿਗਰੀ, ਅਤੇ ਰੂਪਨਗਰ ਵਿਚ 36.7 ਡਿਗਰੀ ਸੈਲਸੀਅਸ ਰਿਹਾ।