ਤਿੰਨ ਵਾਰ ਵਿਧਾਇਕ ਰਹੇ ਪਰਗਟ ਸਿੰਘ ਨੇ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ-ਦੀਪਕ ਬਾਲੀ
ਪੇਸ਼ਕਸ਼–ਜਤਿੰਦਰ ਪੰਮੀ
ਜਲੰਧਰ, 30 ਅਕਤੂਬਰ–ਜਲੰਧਰ ਕੈਂਟ ਹਲਕੇ ਦੇ ਵਿਕਾਸ ਪੱਖੋਂ ਮਾੜੇ ਹਾਲਾਤ ਦੇਖ ਕੇ ਪਤਾ ਲੱਗਾ ਹੈ ਕਿ ਤਿੰਨ ਵਾਰ ਵਿਧਾਇਕ ਰਹੇ ਪਰਗਟ ਸਿੰਘ ਨੇ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਨਾ ਹੀ ਉਨ੍ਹਾਂ ਨੇ ਆਪਣੇ ਹਲਕੇ ’ਚ ਵਿਕਾਸ ਕੰਮ ਕਰਵਾਉਣ ਲਈ ਪਿਛਲੇ ਕਰੀਬ 5 ਸਾਲਾਂ ਦੌਰਾਨ ਵਿਧਾਨ ਸਭਾ ਵਿਚ ਮੁੱਦਾ ਹੀ ਚੁੱਕਿਆ।
‘
‘ਅਜੀਤ’ ਭਵਨ ਵਿਖੇ ਗੱਲਬਾਤ ਕਰਦੇ ਹੋਏ ਦੀਪਕ ਬਾਲੀ। ਤਸਵੀਰ : ਮੁਨੀਸ਼
31-10-2026
ਜਲੰਧਰ, 30 ਅਕਤੂਬਰ–ਜਲੰਧਰ ਕੈਂਟ ਹਲਕੇ ਦੇ ਵਿਕਾਸ ਪੱਖੋਂ ਮਾੜੇ ਹਾਲਾਤ ਦੇਖ ਕੇ ਪਤਾ ਲੱਗਾ ਹੈ ਕਿ ਤਿੰਨ ਵਾਰ ਵਿਧਾਇਕ ਰਹੇ ਪਰਗਟ ਸਿੰਘ ਨੇ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਨਾ ਹੀ ਉਨ੍ਹਾਂ ਨੇ ਆਪਣੇ ਹਲਕੇ ’ਚ ਵਿਕਾਸ ਕੰਮ ਕਰਵਾਉਣ ਲਈ ਪਿਛਲੇ ਕਰੀਬ 5 ਸਾਲਾਂ ਦੌਰਾਨ ਵਿਧਾਨ ਸਭਾ ਵਿਚ ਮੁੱਦਾ ਹੀ ਚੁੱਕਿਆ। ਕਾਂਗਰਸੀ ਵਿਧਾਇਕ ਦਾ ਇਕੋ ਇਕ ਨਿਸ਼ਾਨਾ ਆਪਣੇ ਆਪ ਨੂੰ ਸੂਬਾਈ ਆਗੂ ਵਜੋਂ ਪੇਸ਼ ਕਰਨਾ ਸੀ, ਜਿਸ ਦਾ ਲਾਭ ਪੰਜਾਬ ਪ੍ਰਧਾਨ ਬਣਨ ਨਾਲ ਮਿਲ ਗਿਆ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਆਪਣੇ ਹਲਕੇ ਦਾ ਵਿਕਾਸ ਨਹੀਂ ਕਰਵਾਇਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਲੰਧਰ ਕੈਂਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਨਵ-ਨਿਯੁਕਤ ਹਲਕਾ ਇੰਚਾਰਜ ਦੀਪਕ ਬਾਲੀ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਤਿੰਨ ਵਾਰ ਲਗਾਤਾਰ ਜਿੱਤ ਦਰਜ ਕਰਨ ਵਾਲੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ 2022 ਤੋਂ ਲੈ ਕੇ ਅੱਜ ਤੱਕ ਵਿਧਾਨ ਸਭਾ ਵਿਚ ਇਕ ਵਾਰ ਵੀ ਆਪਣੇ ਹਲਕੇ ਦਾ ਕੋਈ ਮੁੱਦਾ ਨਹੀਂ ਚੁੱਕਿਆ ਜਦੋਂਕਿ ਹਲਕੇ ਵਿਚ ਲੋਕਾਂ ਨੂੰ ਕਈ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਕੈਂਟ ਹਲਕੇ ਦੇ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਦੀਪਕ ਬਾਲੀ ਨੇ ਕਿਹਾ ਕਿ ਵਿਧਾਇਕ ਪਰਗਟ ਸਿੰਘ ’ਚ ਇੰਨੀ ਬੁਖਲਾਹਟ ਆ ਗਈ ਹੈ ਕਿ ਉਨ੍ਹਾਂ ਨੇ ਮੀਡੀਆ ਵਲੋਂ ਪੁੱਛੇ ਜਾਣ ’ਤੇ ਇਥੋਂ ਤੱਕ ਕਹਿ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਦੇ ਨਵੇਂ ਹਲਕਾ ਇੰਚਾਰਜ ਨੂੰ ਨਹੀਂ ਜਾਣਦੇ ਜਦੋਂਕਿ ਉਹ ਤਿੰਨ-ਚਾਰ ਪ੍ਰੋਗਰਾਮਾਂ ਦੌਰਾਨ ਇਕ-ਦੂਜੇ ਨੂੰ ਮਿਲੇ ਸਨ ਅਤੇ ਪਰਗਟ ਸਿੰਘ ਨੇ ਉਨ੍ਹਾਂ ਨੂੰ ਹਲਕਾ ਇੰਚਾਰਜ ਬਣਨ ਦੀ ਵਧਾਈ ਵੀ ਦਿੱਤੀ। ਦੀਪਕ ਬਾਲੀ ਨੇ ਕਿਹਾ ਕਿ ਉਹ 2020 ’ਚ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ ਸਨ ਅਤੇ ਦਿੱਲੀ ਸਰਕਾਰ ਵਿਚ ਸਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਰਹੇ। ਪਾਰਟੀ ਨੇ ਉਨ੍ਹਾਂ ਦੇ ਸਮਾਜਿਕ ਕੰਮਾਂ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਕੀਤੇ ਗਏ ਕਾਰਜਾਂ ਸਦਕਾ ਹੀ ਇਹ ਮਾਣ-ਸਤਿਕਾਰ ਦਿੱਤਾ ਹੈ। ਜਲੰਧਰ ਨਾਲ ਆਪਣੀ ਸਾਂਝੀ ਬਾਰੇ ਗੱਲਬਾਤ ਕਰਦਿਆਂ ‘ਆਪ’ ਆਗੂ ਨੇ ਕਿਹਾ ਕਿ ਉਹ ਪਿਛਲੇ 33 ਸਾਲਾਂ ਤੋਂ ਜਲੰਧਰ ਕੈਂਟ ਹਲਕੇ ’ਚ ਰਹਿ ਰਹੇ ਹਨ ਅਤੇ ਇਥੋਂ ਉਨ੍ਹਾਂ ਨੂੰ ਚੰਗੇ ਤੇ ਗੂੜ੍ਹੇ ਦੋਸਤ, ਮਿੱਤਰ ਤੇ ਸਨੇਹੀ ਮਿਲੇ ਹਨ। ਵਿਸ਼ੇਸ਼ ਕਰਕੇ ਅਦਾਰਾ ‘ਅਜੀਤ’ ਦੇ ਉਹ ਬਹੁਤ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿਚ ਬਹੁਤ ਸਹਿਯੋਗ ਦਿੱਤਾ ਹੈ। ਦੀਪਕ ਬਾਲੀ ਨੇ ਕਿਹਾ ਕਿ ਉਹ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਹਿਨੁਮਾਈ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕਰਵਾਏ ਗਏ ਕੰਮਾਂ ਤੇ ਲੋਕ ਭਲਾਈ ਸਕੀਮਾਂ ਬਾਰੇ ਹੇਠਲੇ ਪੱਧਰ ਤੱਕ ਲੋਕਾਂ ਨੂੰ ਜਾਣੂ ਕਰਵਾਉਣ ਲਈ ਮਿਲ ਰਹੇ ਹਨ। ਸਿਆਸੀ ਵਿਰੋਧੀਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕਾਂਗਰਸੀ ਲੀਡਰ ਤਾਂ ਆਪਸ ’ਚ ਹੀ ਇਕ-ਦੂਜੇ ਦੇ ਵਿਰੋਧੀ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਵੀ ਇਕ-ਦੂਜੇ ਦੇ ਵਿਰੋਧੀ ਹਨ। ਅੱਜ ਮਜੀਠੀਆ ਨੂੰ ਕਿਸੇ ਪਾਰਟੀ ਵਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਪੇਸ਼ਕਸ਼ ਮਿਲ ਜਾਵੇ ਤਾਂ ਉਹ ਪਾਰਟੀ ਬਦਲ ਸਕਦੇ ਹਨ। ਵਾਰਿਸ ਪੰਜਾਬ ਦੇ ਤੇ ਭਾਜਪਾ ਨੂੰ ਉਹ ਵਿਰੋਧੀ ਨਹੀਂ ਮੰਨਦੇ ਕਿਉਂਕਿ ਉਨ੍ਹਾਂ ਦਾ ਪੰਜਾਬ ਅੰਦਰ ਕੋਈ ਵਜੂਦ ਹੀ ਨਹੀਂ ਹੈ। ਬੀਬੀ ਥਿਆੜਾ ਪਾਰਟੀ ਦੇ ਸੱਚੇ ਤੇ ਵਫ਼ਾਦਾਰ ਵਰਕਰ ਹਨ, ਸਾਡੀ ਕੋਈ ਨਾਰਾਜ਼ਗੀ ਨਹੀਂ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਵਲੋਂ ਉਨ੍ਹਾਂ ਦੇ ਹਲਕਾ ਇੰਚਾਰਜ ਬਣਨ ’ਤੇ ਨਾਰਾਜ਼ਗੀ ਪ੍ਰਗਟਾਉਣ ਦੇ ਨਾਲ ਹੀ 11 ਬਲਾਕ ਪ੍ਰਧਾਨਾਂ ਵਲੋਂ ਅਸਤੀਫ਼ੇ ਦਿੱਤੇ ਜਾਣ ਬਾਰੇ ਪੁੱਛੇ ਜਾਣ ’ਤੇ ਦੀਪਕ ਬਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਹਲਕਾ ਇੰਚਾਰਜ ਲਾਉਣਾ ਪਾਰਟੀ ਲੀਡਰਸ਼ਿਪ ਦਾ ਫੈਸਲਾ ਹੈ। ਪਾਰਟੀ ਕਿਸੇ ਨੂੰ ਵੀ ਇੰਚਾਰਜ ਲਾ ਸਕਦੀ ਹੈ ਤੇ ਲਾਹ ਵੀ ਸਕਦੀ ਹੈ। ਜਿੱਥੋਂ ਤੱਕ ਬੀਬੀ ਥਿਆੜਾ ਦੀ ਨਾਰਾਜ਼ਗੀ ਦਾ ਸਵਾਲ ਹੈ, ਉਹ ਪਾਰਟੀ ਦੇ ਸੱਚੇ ਤੇ ਵਫ਼ਾਦਾਰ ਵਰਕਰ ਹਨ, ਜਿਨ੍ਹਾਂ ਨੇ ਪਾਰਟੀ ਲਈ ਦਿਨ-ਰਾਤ ਕੰਮ ਕੀਤਾ ਹੈ। ਬੀਬੀ ਥਿਆੜਾ ਵਲੋਂ ਕਿਸੇ ਹੋਰ ਪਾਰਟੀ ’ਚ ਜਾਣ ਦੀਆਂ ਕਨਸੋਆਂ ਬਾਰੇ ਪੁੱਛਣ ’ਤੇ ਦੀਪਕ ਬਾਲੀ ਨੇ ਕਿਹਾ ਕਿ ਉਹ ਕਦੇ ਵੀ ਪਾਰਟੀ ਨਹੀਂ ਛੱਡਣਗੇ ਅਤੇ ਉਨ੍ਹਾਂ ਦਾ ਪੂਰਾ-ਪੂਰਾ ਸਹਿਯੋਗ ਕਰਨਗੇ ਕਿਉਂਕਿ ਉਹ ਜਾਣਦੇ ਹਨ ਕਿ ਬੀਬੀ ਥਿਆੜਾ ਮੌਕਾਪ੍ਰਸਤ ਲੀਡਰਾਂ ਵਿਚੋਂ ਨਹੀਂ ਹਨ।