ਮੋਗਾ, 29 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਵਿਚ ਨੌਜਵਾਨ ਵਰਗ ਆਪਣਾ ਅਹਿਮ ਰੋਲ ਅਦਾ ਕਰ ਸਕਦੇ ਹਨ ਪਰ ਅਫ਼ਸੋਸ ਕਿ ਸਾਡਾ ਅੱਜ ਦਾ ਨੌਜਵਾਨ ਰੁਜ਼ਗਾਰ ਵਿਹੂਣਾ ਹੋ ਕੇ ਬੇਰੁਜ਼ਗਾਰੀ ਦੀ ਮਾਰ ਝੱਲਦਾ ਮਾਯੂਸ ਹੋ ਕੇ ਗ਼ਲਤ ਕੁਰੀਤੀਆਂ ਦਾ ਸ਼ਿਕਾਰ ਹੋ ਰਿਹਾ ਹੈ | ਖ਼ਾਸ ਕਰਕੇ ਨਸ਼ਿਆਂ ਵਾਲੇ ਪਾਸੇ ਜਾ ਰਿਹਾ ਹੈ ਜੋ ਕਿ ਸਮਾਜ ਲਈ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ | ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣ ਤਾਂ ਕਿ ਸਾਡਾ ਨੌਜਵਾਨ ਮਾਯੂਸ ਹੋਣ ਦੀ ਬਜਾਏ ਸਮਾਜ ਸੇਵਕ ਵਜੋਂ ਆਪਣਾ ਕਿਰਦਾਰ ਅਦਾ ਕਰ ਕੇ ਦੇਸ਼ ਦੀ ਖ਼ੁਸ਼ਹਾਲੀ ਤੇ ਤਰੱਕੀ ਵਿਚ ਆਪਣਾ ਯੋਗਦਾਨ ਪਾਵੇ ਕਿਉਂਕਿ ਨੌਜਵਾਨ ਮਜ਼ਬੂਤ ਸਮਾਜ ਦਾ ਇਕ ਧੁਰਾ ਹੁੰਦਾ ਹੈ | ਇਹ ਪ੍ਰਗਟਾਵਾ ਸਮਾਜ ਸੇਵੀ ਐਡਵੋਕੇਟ ਰਣਵਿੰਦਰ ਸਿੰਘ ਰਾਣੂੰ ਗਿੱਲ ਨੇ 'ਅਜੀਤ' ਉਪ ਦਫ਼ਤਰ ਮੋਗਾ ਵਿਖੇ ਪੁੱਜ ਕੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਅੱਜ ਸਾਡੀ ਤਰਾਸਦੀ ਹੈ ਕਿ ਸਾਡਾ ਨੌਜਵਾਨ ਤਬਕਾ ਰੁਜ਼ਗਾਰ ਦੀ ਭਾਲ ਵਿਚ ਬਾਹਰਲੇ ਦੇਸ਼ਾਂ ਨੂੰ ਰੁਖ਼ ਕਰ ਰਿਹਾ ਹੈ ਤੇ ਜੇਕਰ ਉਹ ਖ਼ੁਦ ਨੂੰ ਕਿੱਤਾਮੁਖੀ ਬਣਾਉਣ ਦਾ ਯਤਨ ਕਰ ਕੇ ਪੰਜਾਬ ਵਿਚ ਹੀ ਆਪਣਾ ਰੁਜ਼ਗਾਰ ਚਲਾਉਣ ਤਾਂ ਉਸ ਨਾਲ ਬੇਰੁਜ਼ਗਾਰੀ ਨੂੰ ਵੀ ਠੱਲ੍ਹ ਪਵੇਗੀ ਤੇ ਆਰਥਿਕ ਵਸੀਲਾ ਵੀ ਬਣੇਗਾ, ਫਿਰ ਨੌਜਵਾਨਾਂ ਵਿਚ ਕਦੀ ਵੀ ਨਿਰਾਸ਼ਾ ਦਾ ਆਲਮ ਨਹੀਂ ਆਵੇਗਾ |