ਮੋਗਾ 30 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸਿਵਲ ਸੁਸਾਇਟੀ ਮੋਗਾ ਵਲੋਂ ਡੀ.ਐਮ. ਕਾਲਜ ਮੈਨੇਜਿੰਗ ਕਮੇਟੀ ਅਧੀਨ ਚੱਲਦੀਆਂ ਸਿੱਖਿਆ ਸੰਸਥਾਵਾਂ ਨੂੰ ਬਚਾਉਣ ਦਾ ਉਪਰਾਲਾ ਸਲਾਹੁਣਯੋਗ ਹੈ ਤੇ ਉਨ੍ਹਾਂ ਵਲੋਂ ਅੱਜ ਕਾਲਜ ਦੇ ਗੇਟ ਅੱਗੇ ਹਵਨ-ਯੱਗ ਕਰਵਾ ਕੇ ਸਮਾਜ ਅਤੇ ਮੈਨੇਜਿੰਗ ਕਮੇਟੀ ਨੂੰ ਇਕ ਵਧੀਆ ਸੁਨੇਹਾ ਦਿੱਤਾ ਹੈ | ਇਸ ਹਵਨ-ਯੱਗ ਦੀਆਂ ਅਹੂਤੀਆਂ ਨਾਲ ਵਾਤਾਵਰਨ ਵਿਚ ਸ਼ੁੱਧਤਾ ਦਾ ਅਹਿਸਾਸ ਹੋ ਰਿਹਾ ਹੈ ਤੇ ਮੇਰੀ ਇਹ ਕਾਮਨਾ ਹੈ ਕਿ ਇਸ ਸ਼ੁੱਧਤਾ ਨਾਲ ਇਨ੍ਹਾਂ ਸਿੱਖਿਆ ਸੰਸਥਾਵਾਂ 'ਤੇ ਕਾਬਜ਼ ਮੈਨੇਜਿੰਗ ਕਮੇਟੀ ਅਹੁਦੇਦਾਰਾਂ ਦੇ ਮਨਾਂ ਵਿਚ ਵੀ ਸ਼ੁੱਧਤਾ ਆਵੇ | ਇਹ ਪ੍ਰਗਟਾਵਾ ਈ.ਡੀ. ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਅੱਜ ਹਵਨ-ਯੱਗ ਦੀ ਸਮਾਪਤੀ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ | ਇਸ ਮੌਕੇ ਡੀ.ਐਮ. ਕਾਲਜ ਦੇ ਸਾਬਕਾ ਵਿਦਿਆਰਥੀ ਸਾਬਕਾ ਆਈ.ਏ.ਐਸ. ਕੁਲਬੀਰ ਸਿੰਘ ਸਿੱਧੂ ਕਮਿਸ਼ਨਰ ਫ਼ਿਰੋਜ਼ਪੁਰ ਡਵੀਜ਼ਨ ਨੇ ਕਾਲਜ ਦੀ ਸਥਾਪਨਾ ਦੇ ਸੌ ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ | ਉਨ੍ਹਾਂ ਰਾਏ ਬਹਾਦਰ ਮਥੁਰਾ ਦਾਸ ਸਮੇਤ ਉਨ੍ਹਾਂ ਸ਼ਖ਼ਸੀਅਤਾਂ ਨੂੰ ਵੀ ਯਾਦ ਕੀਤਾ | ਇਸ ਮੌਕੇ 97 ਸਾਲਾਂ ਸਾਬਕਾ ਵਿਦਿਆਰਥੀ ਜੋਧ ਸਿੰਘ, ਅਜੇ ਗੋਰਾ ਸੂਦ, ਲੇਖਕ ਗੁਰਮੇਲ ਬੌਡੇ, ਪਰਮਪਾਲ ਸਿੰਘ ਤਖ਼ਤੂਪੁਰਾ, ਗੀਤਾ ਆਰੀਆ ਨੇ ਵੀ ਆਪਣੇ ਸੰਬੋਧਨ 'ਚ ਮੋਗੇ ਦੀਆਂ ਇਨ੍ਹਾਂ ਸਿੱਖਿਆ ਸੰਸਥਾਵਾਂ ਨੂੰ ਬਚਾਉਣ ਲਈ ਅੱਗੇ ਆਉਣ ਲਈ ਕਿਹਾ | ਇਸ ਮੌਕੇ ਆਰੀਆ ਸਮਾਜੀ ਜਗਦੀਸ਼ ਅਗਰਵਾਲ, ਦੇਵ ਪਿ੍ਆ ਤਿਆਗੀ, ਗੀਤਾ ਆਰੀਆ, ਸਮਨ ਮਲਹੋਤਰਾ, ਵਿਜੇ ਸੂਦ ਨੇ ਜਜਮਾਨ ਬਣ ਕੇ ਹਵਨ ਯੱਗ ਵਿਚ ਅਹੂਤੀਆਂ ਪਾਈਆਂ ਤੇ ਪੰਡਤ ਦਿਵਾਕਰ ਭਾਰਤੀ ਨੇ ਪਵਿੱਤਰ ਮੰਤਰਾਂ ਦਾ ਜਾਪ ਕੀਤਾ | ਸਮਾਗਮ ਦੀ ਸਮਾਪਤੀ ਮੌਕੇ ਡਾ. ਕੁਲਦੀਪ ਸਿੰਘ ਗਿੱਲ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਮੂਹ ਸਿਵਲ ਸੁਸਾਇਟੀ ਮੈਂਬਰ, ਕੇ.ਐਲ. ਗਰਗ, ਗੁਰਦੇਵ ਸਿੰਘ ਦੌਧਰ, ਗਿਆਨ ਸਿੰਘ, ਜੱਸ ਢਿੱਲੋਂ, ਸਰਬਜੀਤ ਕੌਰ ਮਾਹਲਾ, ਸੁਰਿੰਦਰ ਬਾਵਾ, ਗੈਰੀ ਪਟਵਾਰੀ, ਤਰਸੇਮ ਸਿੰਘ ਡਾ. ਪਵਨ ਥਾਪਰ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |