ਮੋਗਾ, 30 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਐਸ.ਸੀ. ਡਰੋਲੀ ਭਾਈ ਵਿਖੇ ਟੀ.ਬੀ. ਮੁਕਤ ਭਾਰਤ ਅਭਿਆਨ ਦੇ ਤਹਿਤ ਅੱਜ ਟੀ.ਬੀ. ਫੋਰਮ ਮੀਟਿੰਗ ਅਤੇ ਡਿਫਰੈਂਸ਼ੀਏਟਿਡ ਟੀ.ਬੀ. ਕੇਅਰ ਵਿਸ਼ੇ 'ਤੇ ਮਹੱਤਵਪੂਰਨ ਟਰੇਨਿੰਗ ਸੈਸ਼ਨ ਆਯੋਜਿਤ ਕੀਤਾ ਗਿਆ | ਇਹ ਪ੍ਰੋਗਰਾਮ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਗੌਰਵਪ੍ਰੀਤ ਸਿੰਘ ਸੋਢੀ, ਡਾ. ਜਸਜੀਤ ਕੌਰ ਗਿੱਲ ਅਤੇ ਐਸ.ਐਮ.ਓ. ਡਾ. ਗਗਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਟਰੇਨਿੰਗ ਸੈਸ਼ਨ ਦਾ ਆਯੋਜਨ ਜ਼ਿਲ੍ਹਾ ਲੀਡ ਇੰਪੈਕਟ ਇੰਡੀਆ ਪ੍ਰੋਜੈਕਟ ਅਤੇ ਟੀ.ਬੀ. ਅਲਰਟ ਇੰਡੀਆ ਵਲੋਂ ਕੀਤਾ ਗਿਆ | ਇਸ ਦੌਰਾਨ ਸਿਹਤ ਕਰਮਚਾਰੀਆਂ ਨੂੰ ਮਰੀਜ਼ ਦੀ ਲੋੜ ਅਨੁਸਾਰ ਵੱਖ-ਵੱਖ ਕਿਸਮ ਦੀ ਦੇਖਭਾਲ ਕਰਨ ਲਈ ਸਿੱਖਿਅਤ ਕੀਤਾ ਗਿਆ, ਤਾਂ ਜੋ ਹਰ ਮਰੀਜ਼ ਨੂੰ ਉਸ ਦੀ ਸਥਿਤੀ ਅਨੁਸਾਰ ਬਿਹਤਰ ਅਤੇ ਪ੍ਰਭਾਵਸ਼ਾਲੀ ਇਲਾਜ ਮਿਲ ਸਕੇ | ਮੀਟਿੰਗ ਦੌਰਾਨ ਟੀ.ਬੀ. ਮੁਕਤ ਪੰਚਾਇਤ ਇੰਡਿਕੇਟਰਜ਼ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ | ਇਸ ਵਿਚ ਸੰਭਾਵਿਤ ਟੀ.ਬੀ. ਮਰੀਜ਼ਾਂ ਦੀ ਜਾਂਚ, ਟੀ.ਬੀ. ਨੋਟੀਫ਼ਿਕੇਸ਼ਨ, ਇਲਾਜ ਦੀ ਸਫਲਤਾ ਦਰ, ਡਰੱਗ ਟੈੱਸਟ, ਨਿਕਸ਼ੇ ਪੋਸ਼ਣ ਯੋਜਨਾ ਅਤੇ ਪੋਸ਼ਣ ਸਹਾਇਤਾ ਵਰਗੇ ਮਹੱਤਵਪੂਰਨ ਬਿੰਦੂਆਂ 'ਤੇ ਚਰਚਾ ਕੀਤੀ ਗਈ | ਪੰਚਾਇਤ ਪੱਧਰ 'ਤੇ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਲੋੜੀਂਦੇ ਨਿਰਦੇਸ਼ ਵੀ ਜਾਰੀ ਕੀਤੇ ਗਏ | ਐਸ.ਐਮ.ਓ. ਡਰੋਲੀ ਭਾਈ ਡਾ. ਗਗਨਦੀਪ ਸਿੰਘ ਸਿੱਧੂ ਨੇ ਉੱਚ ਜੋਖ਼ਮ ਮਰੀਜ਼ਾਂ ਦੇ ਪ੍ਰਬੰਧਨ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਸਮੇਂ ਸਿਰ ਪਛਾਣ ਅਤੇ ਇਲਾਜ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ | ਇਸ ਤੋਂ ਇਲਾਵਾ ਡਾ. ਸੁਖਮਨ ਕੌਰ ਵਲੋਂ ਸੀ.ਐਚ.ਓਜ ਨੂੰ ਪ੍ਰੀਸੰਪਟਿਵ ਟੀ.ਬੀ. ਟੈਸਟਿੰਗ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ | ਇਸ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ਼ ਵਲੋਂ ਸਰਗਰਮ ਭਾਗੀਦਾਰੀ ਕੀਤੀ ਗਈ ਅਤੇ ਟੀ.ਬੀ. ਮੁਕਤੀ ਦੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਆਪਣੇ ਤਜਰਬੇ ਸਾਂਝੇ ਕੀਤੇ ਗਏ |