ਠੱਠੀ ਭਾਈ, 11 ਮਈ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸੁਖਾਨੰਦ (ਮੋਗਾ) ਵਿਖੇ 'ਮਾਂ ਦਿਵਸ' ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਵਲੋਂ ਆਪਣੀਆਂ ਮਾਵਾਂ ਪ੍ਰਤੀ ਪਿਆਰ, ਸਤਿਕਾਰ ਅਤੇ ਕਿ੍ਤਜਤਾ ਪ੍ਰਗਟ ਕਰਨ ਲਈ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | ਸਕੂਲ ਵਲੋਂ ਵਿਦਿਆਰਥਣਾਂ ਦੇ ਕਲਾ ਅਤੇ ਹੁਨਰ ਨੂੰ ਉਭਾਰਨ ਲਈ ਕਾਰਡ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਬੱਚਿਆਂ ਵਲੋਂ ਮਾਂ ਦੀ ਮਹਾਨਤਾ ਨੂੰ ਦਰਸਾਉਂਦੇ ਗੀਤ, ਕਵਿਤਾਵਾਂ ਅਤੇ ਸਕਿੱਟ ਪੇਸ਼ ਕਰਕੇ ਹਾਜ਼ਰੀਨ ਨੂੰ ਭਾਵੁਕ ਕਰ ਦਿੱਤਾ ਗਿਆ | ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਜਸਕੋਮਲ ਕੌਰ ਅਤੇ ਹਰਮਨਜੋਤ ਕੌਰ ਨੇ ਭਾਰਤ ਦੀਆਂ ਮਹਾਨ ਇਸਤਰੀਆਂ ਅਤੇ ਮਾਵਾਂ ਦੀਆਂ ਉਦਾਹਰਨਾਂ ਪੇਸ਼ ਕਰਦਿਆਂ ਬੱਚਿਆਂ ਨੂੰ ਮਾਵਾਂ ਪ੍ਰਤੀ ਫ਼ਰਜ਼ਾਂ ਅਤੇ ਸੇਵਾ ਭਾਵਨਾ ਬਾਰੇ ਜਾਣੂ ਕਰਵਾਇਆ | ਸਕੂਲ ਦੇ ਡਾਇਰੈਕਟਰ ਮੈਡਮ ਇੰਦਰਵੀਰ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਾਂ ਹੀ ਬੱਚੇ ਦੀ ਪਹਿਲੀ ਗੁਰੂ ਅਧਿਆਪਕ ਹੁੰਦੀ ਹੈ, ਜੋ ਬੱਚੇ ਦਾ ਪਾਲਣ-ਪੋਸ਼ਣ ਕਰਨ ਦੇ ਨਾਲ-ਨਾਲ ਉਸ ਨੂੰ ਚੰਗੇ ਸੰਸਕਾਰ ਅਤੇ ਸਮਾਜ ਵਿਚ ਵਿਚਰਨ ਦੀ ਸਿੱਖਿਆ ਦਿੰਦੀ ਹੈ | ਸਕੂਲ ਦੇ ਪਿ੍ੰਸੀਪਲ ਡਾ. ਗੁਰਜੀਤ ਕੌਰ ਨੇ ਕਿਹਾ ਕਿ ਅਜਿਹੇ ਸਮਾਗਮਾਂ ਦਾ ਮੁੱਖ ਉਦੇਸ਼ ਬੱਚਿਆਂ ਦੇ ਮਨਾਂ ਵਿਚ ਮਾਪਿਆਂ ਪ੍ਰਤੀ ਸਤਿਕਾਰ ਅਤੇ ਆਦਰ ਦੀ ਭਾਵਨਾ ਪੈਦਾ ਕਰਨਾ ਹੈ | ਇਸ ਮੌਕੇ ਵਿਦਿਆਰਥਣਾਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਵਿਚ ਡੇਰਾ ਭੋਰਾ ਵਾਲੇ ਦੇ ਮੁੱਖ ਸੇਵਾਦਾਰ ਬਾਬਾ ਜਗਦੇਵ ਸਿੰਘ ਜੱਗਾ, ਪ੍ਰਬੰਧਕੀ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਗੱਬੀ, ਚਰਨਜੀਤ ਸਿੰਘ ਸਿੱਧੂ, ਦਿਆ ਸਿੰਘ, ਸੁਖਦੇਵ ਸਿੰਘ, ਜੱਸਾ ਸਿੰਘ ਬਰਾੜ, ਅਜਮੇਰ ਸਿੰਘ ਸਮੇਤ ਸਮੂਹ ਸੰਸਥਾਵਾਂ ਦੇ ਪਿ੍ੰਸੀਪਲ ਸਾਹਿਬਾਨ ਹਾਜ਼ਰ ਸਨ | ਹਾਜ਼ਰੀਨ ਵਲੋਂ ਵਿਦਿਆਰਥਣਾਂ ਦੀਆਂ ਪੇਸ਼ਕਾਰੀਆਂ ਅਤੇ ਮਾਂ ਦਿਵਸ ਸਬੰਧੀ ਕੀਤੀਆਂ ਗਤੀਵਿਧੀਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ |