ਨੱਥੂਵਾਲਾ ਗਰਬੀ, 7 ਜੂਨ (ਨਵਦੀਪ ਸਿੰਘ)-ਇਲਾਕੇ ਦੀਆਂ ਖੇਡਾਂ ਅਤੇ ਵਿੱਦਿਆ ਦੇ ਖੇਤਰ ਵਿਚ ਮੋਹਰੀ ਸੰਸਥਾਵਾਂ ਵਜੋਂ ਜਾਣੀ ਜਾਂਦੀ ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਵਿਖੇ ਡਿਪਟੀ ਡਾਇਰੈਕਟਰ ਸੰਦੀਪ ਕੁਮਾਰ ਥਾਪਰ ਅਤੇ ਪਿ੍ੰਸੀਪਲ ਐਚ.ਐਸ. ਸਾਹਨੀ ਦੀ ਅਗਵਾਈ ਹੇਠ ਚੱਲ ਰਹੇ ਗਿਆਰਾਂ ਰੋਜ਼ਾ ਸਮਰ ਕੈਂਪ ਵਿਚ ਵਿਦਿਆਰਥੀ ਵੱਡੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ | ਕੈਂਪ ਦੌਰਾਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਵਿੱਦਿਅਕ, ਸਭਿਆਚਾਰਕ, ਖੇਡ ਅਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ | ਹਰ ਰੋਜ਼ ਕੈਂਪ ਦੀ ਸ਼ੁਰੂਆਤ ਯੋਗਾ ਸੈਸ਼ਨ ਨਾਲ ਕੀਤੀ ਜਾਂਦੀ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਤੋਂ ਬਾਅਦ ਅਕਾਦਮਿਕ ਸੁਧਾਰ, ਸ਼ਖ਼ਸੀਅਤ ਨਿਖਾਰ ਅਤੇ ਸਾਹਿਤਕ ਰੁਚੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਜੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ | ਵਿਦਿਆਰਥੀਆਂ ਨੂੰ ਸਿਲੇਬਸ ਤੋਂ ਇਲਾਵਾ ਉਸਾਰੂ ਅਤੇ ਸਾਹਿਤਕ ਪੁਸਤਕਾਂ ਪੜ੍ਹਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ | ਕੈਂਪ ਦੌਰਾਨ ਭੰਗੜਾ, ਗਿੱਧਾ, ਆਰਟ ਐਂਡ ਕਰਾਫ਼ਟ, ਸਿਲਾਈ-ਕਢਾਈ, ਰਸੋਈ ਕਲਾ, ਮਾਰਸ਼ਲ ਆਰਟਸ ਅਤੇ ਯੋਗਾ ਦੀਆਂ ਵਿਸ਼ੇਸ਼ ਜਮਾਤਾਂ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ | ਇਸ ਦੇ ਨਾਲ ਹੀ ਭਾਸ਼ਣ ਕਲਾ, ਕਵਿਤਾ ਉਚਾਰਨ, ਸੁੰਦਰ ਲਿਖਾਈ ਅਤੇ ਚਾਰਟ ਬਣਾਉਣ ਮੁਕਾਬਲਿਆਂ ਵਿਚ ਵੀ ਵਿਦਿਆਰਥੀ ਵਧ-ਚੜ੍ਹਕੇ ਭਾਗ ਲੈ ਰਹੇ ਹਨ ਅਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ | ਇਸੇ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸੰਤ ਮੋਹਨ ਦਾਸ ਯਾਦਗਾਰੀ ਸੰਸਥਾਵਾਂ ਵਲੋਂ ਦਸਤਾਰ ਸਜਾਉਣ ਮੁਕਾਬਲੇ ਵੀ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ | ਸੀਨੀਅਰ ਵਰਗ ਵਿਚ ਅਵਤਾਰ ਸਿੰਘ ਨੇ ਪਹਿਲਾ ਸਥਾਨ, ਮਾਨਵ ਸਿੰਘ ਬਰਾੜ ਨੇ ਦੂਜਾ ਸਥਾਨ ਅਤੇ ਸ਼ੇਰਬਾਜ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰਾਂ ਜੂਨੀਅਰ ਵਰਗ ਵਿਚ ਜਸਕਰਨਜੀਤ ਸਿੰਘ ਨੇ ਪਹਿਲਾ ਸਥਾਨ, ਅਭਿਜੋਤ ਸਿੰਘ ਨੇ ਦੂਜਾ ਸਥਾਨ, ਜਦ ਕਿ ਨਰਿੰਦਰ ਸਿੰਘ ਅਤੇ ਗੁਰਕੀਰਤ ਸਿੰਘ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਪਿਛਲੇ ਦਿਨੀਂ ਕਰਵਾਏ ਗਏ ਪੰਜਾਬੀ ਪਹਿਰਾਵੇ ਦੇ ਮੁਕਾਬਲਿਆਂ ਵਿਚ ਜੇਤੂ ਰਹੀਆਂ ਸਿਮਰਨਜੀਤ ਕੌਰ ਅਤੇ ਹਰਤਾਨ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸੰਸਥਾ ਪ੍ਰਬੰਧਕਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਸੰਸਥਾ ਦੀ ਪ੍ਰਬੰਧਕੀ ਕਮੇਟੀ ਮੈਂਬਰ ਮੈਡਮ ਮੇਘਾ ਥਾਪਰ ਨੇ ਦੱਸਿਆ ਕਿ ਖੇਡ ਕੋਚ ਰਾਜ ਕੁਮਾਰ ਕੇਚਰ, ਰਵੀ ਸਿੰਘ ਸੋਨੀ, ਜਸਪਾਲ ਸਿੰਘ ਅਤੇ ਹਰਜਿੰਦਰ ਕੌਰ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਰਚਨਾਤਮਿਕ ਗਿਆਨ ਵਰਧਕ ਅਤੇ ਲਾਭਦਾਇਕ ਬਣਾਉਣਾ ਹੈ | ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦੀਆਂ ਤਸਵੀਰਾਂ ਅਤੇ ਵੀਡੀਉਜ਼ ਸੰਸਥਾ ਦੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਨਿਯਮਿਤ ਤੌਰ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ | ਇਨ੍ਹਾਂ ਗਤੀਵਿਧੀਆਂ ਨੂੰ ਦੇਖ ਕੇ ਮਾਪੇ ਕਾਫੀ ਖ਼ੁਸ਼ ਅਤੇ ਮਨੋਰੰਜਿਤ ਮਹਿਸੂਸ ਕਰ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ | ਇਸ ਮੌਕੇ ਪਿ੍ੰਸੀਪਲ ਐਚ.ਐਸ. ਸਾਹਨੀ, ਪਿ੍ੰਸੀਪਲ ਰੇਣੂਕਾ ਜੈਨ, ਕੈਂਪਸ ਕੋਆਰਡੀਨੇਟਰ ਮਨਜੀਤ ਕੌਰ, ਅਮਨਪ੍ਰੀਤ ਕੌਰ, ਖੁਸ਼ਵਿੰਦਰ ਸਿੰਘ, ਅਨੂ ਬਾਲੀ, ਦਰਸ਼ਨਾ ਕੌਰ, ਰਜਨੀ ਸ਼ਰਮਾ, ਮੋਹਣ ਸਿੰਘ ਅਤੇ ਸੰਸਥਾ ਦੇ ਸਮੂਹ ਅਧਿਆਪਕ ਵਿਦਿਆਰਥੀਆਂ ਦੀ ਰਹਿਨੁਮਾਈ ਕਰ ਰਹੇ ਹਨ | ਇਸ ਮੌਕੇ ਪਿ੍ੰਸੀਪਲ ਐਚ.ਐਸ. ਸਾਹਨੀ ਨੇ ਕਿਹਾ ਕਿ ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਜੀਵਨ ਦੇ ਹਰ ਖੇਤਰ ਵਿਚ ਅੱਗੇ ਵਧਣ ਲਈ ਤਿਆਰ ਕਰਨਾ ਹੈ | ਉਨ੍ਹਾਂ ਦੱਸਿਆ ਕਿ ਸਮਰ ਕੈਂਪ ਦੌਰਾਨ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਨੂੰ ਸੰਸਥਾ ਦੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਵੀ ਲਗਾਤਾਰ ਸਾਂਝਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਮਾਪਿਆਂ ਵਲੋਂ ਭਰਪੂਰ ਪਿਆਰ ਅਤੇ ਪ੍ਰਸ਼ੰਸਾ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਉਤਸ਼ਾਹ ਅਤੇ ਮਾਪਿਆਂ ਦਾ ਸਹਿਯੋਗ ਕੈਂਪ ਦੀ ਸਫਲਤਾ ਦਾ ਮੁੱਖ ਆਧਾਰ ਹੈ |