ਸੁਨਾਮ ਊਧਮ ਸਿੰਘ ਵਾਲਾ, 29 ਮਾਰਚ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪਿੰਡਾਂ 'ਚ ਮੈਡੀਕਲ ਪ੍ਰੈਕਟਿਸ ਕਰ ਰਹੇ ਡਾਕਟਰਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਛਾਪੇਮਾਰੀ ਜਾਂ ਕਾਰਵਾਈ ਨੂੰ ਉਨ੍ਹਾਂ ਦੀ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ | ਜੇਕਰ ਸਿਹਤ ਜਾਂ ਡਰੱਗ ਵਿਭਾਗ ਨੇ ਅਜਿਹੀ ਕੋਈ ਕਾਰਵਾਈ ਕੀਤੀ ਤਾਂ ਜਥੇਬੰਦੀ ਇਸ ਦਾ ਤਿੱਖਾ ਵਿਰੋਧ ਕਰੇਗੀ | ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਗਰਾਹਾਂ ਨੇ ਪੇਂਡੂ ਡਾਕਟਰਾਂ ਦੇ ਹੱਕ 'ਚ ਮਜ਼ਬੂਤੀ ਨਾਲ ਆਵਾਜ਼ ਉਠਾਉਂਦਿਆਂ ਕਿਹਾ ਕਿ ਪੰਜਾਬ ਦੇ ਦਿਹਾਤੀ ਖੇਤਰਾਂ ਵਿਚ ਸਿਹਤ ਸੇਵਾਵਾਂ ਦੇ ਰਹੇ ਇਹ ਡਾਕਟਰ ਪੇਂਡੂਆਂ ਲਈ 'ਮਸੀਹਾ' ਸਾਬਤ ਹੋ ਰਹੇ ਹਨ, ਜੋ ਚੌਵੀ ਘੰਟੇ ਐਮਰਜੈਂਸੀ ਸੇਵਾਵਾਂ ਲਈ ਤਿਆਰ ਰਹਿੰਦੇ ਹਨ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਪੱਧਰ 'ਤੇ ਪਿੰਡਾਂ ਵਿਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ |ਜੋਗਿੰਦਰ ਸਿੰਘ ਉਗਰਾਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੀ ਤਿੱਖਾ ਹਮਲਾ ਬੋਲਦਿਆਂ ਮੰਗ ਕੀਤੀ ਕਿ ਸਰਕਾਰ ਆਪਣੀ 'ਖੇਤੀ ਨੀਤੀ' ਨੂੰ ਤੁਰੰਤ ਜਨਤਕ ਕਰੇ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਨੀਤੀ ਦਾ ਐਲਾਨ ਤਾਂ ਕੀਤਾ ਸੀ ਪਰ ਬਾਅਦ ਵਿਚ ਇਸ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਖੇਤੀ ਨੀਤੀ ਨੂੰ ਸੰਦੂਕ ਵਿਚ ਬੰਦ ਰੱਖਣ ਨਾਲ ਕਿਸਾਨਾਂ ਦਾ ਭਲਾ ਨਹੀਂ ਹੋਣ ਵਾਲਾ | ਦੂਜੇ ਸੂਬਿਆਂ 'ਚ 'ਆਪ' ਨੇਤਾਵਾਂ ਦੇ ਦਾਅਵਿਆਂ ਨੂੰ 'ਝੂਠ ਦਾ ਪੁਲੰਦਾ' ਕਰਾਰ ਦਿੰਦਿਆਂ ਉਗਰਾਹਾਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਮੌਜੂਦਾ ਸਰਕਾਰ ਦੇ ਅਮਾਨਵੀ ਅੱਤਿਆਚਾਰਾਂ ਤੋਂ ਪ੍ਰੇਸ਼ਾਨ ਹੈ | ਉਨ੍ਹਾਂ ਬਠਿੰਡਾ ਤੇ ਅੰਮਿ੍ਤਸਰ ਵਿਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਲੱਤਾਂ ਤੋੜੀਆਂ ਜਾ ਰਹੀਆਂ ਹਨ ਅਤੇ ਸਿਰ ਪਾੜੇ ਜਾ ਰਹੇ ਹਨ | ਉਨ੍ਹਾਂ ਸਵਾਲ ਉਠਾਇਆ ਕਿ ਸਰਕਾਰ ਦੱਸੇ ਕਿ ਆਖ਼ਰ ਪਿਛਲੇ ਪੰਜ ਸਾਲਾਂ 'ਚ 16 ਮੈਡੀਕਲ ਕਾਲਜ ਕਿੱਥੇ ਖੋਲ੍ਹੇ ਗਏ ਅਤੇ ਨਵੀਆਂ ਨਹਿਰਾਂ ਕਿੱਥੇ ਕੱਢੀਆਂ ਗਈਆਂ?ਉਗਰਾਹਾਂ ਨੇ ਸੂਬੇ ਦੀਆਂ ਸਿਹਤ ਯੋਜਨਾਵਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਪੁੱਛਿਆ ਕਿ ਸਰਕਾਰ ਇਹ ਸਪਸ਼ਟ ਕਰੇ ਕਿ ਕੀ ਉਨ੍ਹਾਂ ਦੀ ਮੌਜੂਦਾ ਸਿਹਤ ਯੋਜਨਾ 'ਆਯੂਸ਼ਮਾਨ ਭਾਰਤ' ਦਾ ਹੀ ਹਿੱਸਾ ਹੈ ਜਾਂ ਕੁਝ ਹੋਰ? ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਰਿਟੇਲ ਸੈਕਟਰ ਨੂੰ ਤਬਾਹ ਕਰ ਰਹੀ ਹੈ ਅਤੇ ਸਿਰਫ਼ ਵੱਡੇ ਪੂੰਜੀਪਤੀਆਂ ਦੇ ਹਿਤਾਂ ਨੂੰ ਸਾਧਣ ਵਿਚ ਜੁਟੀ ਹੈ |