ਧੂਰੀ, 29 ਮਾਰਚ (ਲਖਵੀਰ ਸਿੰਘ ਧਾਂਦਰਾ)-ਧੂਰੀ ਸ਼ਹਿਰ ਵਿਚ ਸ਼ੂ ਮਰਚੈਂਟ ਐਸੋਸੀਏਸ਼ਨ ਦੀ ਮਹੱਤਵਪੂਰਨ ਮੀਟਿੰਗ ਦੌਰਾਨ ਨਵੀਂ ਕਮੇਟੀ ਦੀ ਚੋਣ ਕਰਵਾਈ ਗਈ | ਮੀਟਿੰਗ ਵਿਚ ਵੱਡੀ ਗਿਣਤੀ ਵਿਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਚੋਣ ਪ੍ਰਕਿਰਿਆ ਪੂਰੀ ਸਹਿਮਤੀ ਅਤੇ ਸ਼ਾਂਤੀਪੂਰਨ ਮਾਹੌਲ ਵਿਚ ਸੰਪੰਨ ਹੋਈ | ਇਸ ਦੌਰਾਨ ਸਾਰੇ ਮੈਂਬਰਾਂ ਦੀ ਸਰਬਸੰਮਤੀ ਨਾਲ ਸਪਰਸ਼ ਜਿੰਦਲ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ | ਇਸੇ ਤਰ੍ਹਾਂ ਰਾਜਨ ਕੁਮਾਰ (ਮੰਗੀ) ਨੂੰ ਜਰਨਲ ਸੈਕਟਰੀ ਦੀ ਜ਼ਿੰਮੇਵਾਰੀ ਸੌਂਪੀ ਗਈ | ਚੋਣ ਤੋਂ ਬਾਅਦ ਮੌਜੂਦ ਮੈਂਬਰਾਂ ਵਲੋਂ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਦੀ ਕਾਮਨਾ ਕੀਤੀ ਗਈ | ਨਵੀਂ ਬਣੀ ਕਮੇਟੀ ਵਿਚ ਹੋਰ ਅਹੁਦਿਆਂ ਲਈ ਵੀ ਮੈਂਬਰਾਂ ਦੀ ਚੋਣ ਕੀਤੀ ਗਈ | ਇਸ ਅਨੁਸਾਰ ਕੇਵਲ ਕਿ੍ਸ਼ਨ ਕੇਬੀ ਨੂੰ ਵਾਈਸ ਪ੍ਰੈਜ਼ੀਡੈਂਟ, ਸੁਰੇਸ਼ ਕੁਮਾਰ ਨੂੰ ਚੇਅਰਮੈਨ, ਮੋਹਿਤ ਜਿੰਦਲ ਨੂੰ ਕੈਸ਼ੀਅਰ ਅਤੇ ਰਿੰਕੂ ਬਾਂਸਲ ਨੂੰ ਪੈੱ੍ਰਸ ਸੈਕਟਰੀ ਚੁਣਿਆ ਗਿਆ | ਮੀਟਿੰਗ ਦੌਰਾਨ ਵਪਾਰੀਆਂ ਨਾਲ ਜੁੜੀਆਂ ਵੱਖ-ਵੱਖ ਸਮੱਸਿਆਵਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ | ਨਵੇਂ ਪ੍ਰਧਾਨ ਸਪਰਸ਼ ਜਿੰਦਲ ਨੇ ਕਿਹਾ ਕਿ ਉਹ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਵਪਾਰੀਆਂ ਦੇ ਹੱਕਾਂ ਦੀ ਰੱਖਿਆ ਲਈ ਹਮੇਸ਼ਾ ਤਿਆਰ ਰਹਿਣਗੇ | ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਧੂਰੀ ਦੇ ਸ਼ੂ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸੰਬੰਧਿਤ ਵਿਭਾਗਾਂ ਤੱਕ ਪਹੁੰਚਾ ਕੇ ਉਨ੍ਹਾਂ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਇਸ ਮੌਕੇ ਕਈ ਮੈਂਬਰਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਅਤੇ ਕਿਹਾ ਕਿ ਨਵੀਂ ਕਮੇਟੀ ਦੇ ਬਣਨ ਨਾਲ ਐਸੋਸੀਏਸ਼ਨ ਹੋਰ ਮਜ਼ਬੂਤ ਹੋਵੇਗੀ ਅਤੇ ਵਪਾਰੀਆਂ ਦੀ ਆਵਾਜ਼ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉੱਠੇਗੀ | ਮੀਟਿੰਗ ਦੇ ਅੰਤ ਵਿਚ ਸਾਰੇ ਮੈਂਬਰਾਂ ਨੇ ਇੱਕਜੁੱਟ ਹੋ ਕੇ ਐਸੋਸੀਏਸ਼ਨ ਦੀ ਤਰੱਕੀ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ |