ਫ਼ਾਜ਼ਿਲਕਾ, 14 ਫਰਵਰੀ (ਦਵਿੰਦਰ ਪਾਲ ਸਿੰਘ)-ਨੈਸ਼ਨਲ ਡਿਗਰੀ ਕਾਲਜ ਚੁਆੜਿਆਂਵਾਲੀ ਵਿਖੇ ਚੱਲ ਰਹੇ ਐਨ. ਐੱਸ. ਐੱਸ 7 ਰੋਜ਼ਾ ਕੈਂਪ ਦੇ ਛੇਵੇਂ ਦਿਨ ਦਾ ਸਮਾਪਨ ਸਫਲਤਾਪੂਰਵਕ ਕੀਤਾ | ਇਹ ਕੈਂਪ ਕਾਲਜ ਦੇ ਐਨ. ਐੱਸ. ਐੱਸ. ਕੋਆਰਡੀਨੇਟਰ ਡਾ. ਰਚਨਾ ਕੁਮਾਰੀ ਦੀ ਨਿਗਰਾਨੀ ਹੇਠ ਪ੍ਰੋਗਰਾਮ ਅਫ਼ਸਰ ਪ੍ਰੋਫੈਸਰ ਸਵਿਤਾ ਕੁਮਾਰੀ ਤੇ ਪ੍ਰੋਫੈਸਰ ਹਰਵਿੰਦਰ ਸਿੰਘ ਦੀ ਦੇਖ-ਰੇਖ ਹੇਠ ਚਲਾਇਆ ਜਾ ਰਿਹਾ ਹੈ | ਪ੍ਰੋਫੈਸਰਾਂ ਨੇ ਦੱਸਿਆ ਕਿ ਕੈਂਪ ਦੇ ਛੇਵੇਂ ਦਿਨ ਦੀ ਸ਼ੁਰੂਆਤ ਵਲੰਟੀਅਰਾਂ ਨੇ ਪ੍ਰਾਰਥਨਾ ਕਰਕੇ ਕੀਤੀ | ਇਸ ਤੋਂ ਬਾਅਦ ਫਿਰ ਕਈ ਗਤੀਵਿਧੀਆਂ ਕੀਤੀਆਂ ਗਈਆਂ ਤੇ ਕਾਲਜ ਕੈਂਪਸ ਵਿਚ ਬੂਟੇ ਲਗਾਏ ਗਏ | ਵਲੰਟੀਅਰਾਂ ਨੂੰ ਅੱਜ ਦੇ ਸਮੇਂ ਧਰਤੀ 'ਤੇ ਵਧ ਰਹੇ ਤਾਪਮਾਨ ਦੇ ਕਾਰਨਾਂ ਬਾਰੇ ਸਮਝਾਇਆ ਤੇ ਇਸ ਦੇ ਹੱਲ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆਂ ਨੇ ਬੂਟਿਆਂ ਦੀ ਮਹੱਤਤਾ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਵਾਤਾਵਰਨ ਦੀ ਸਾਂਭ-ਸੰਭਾਲ ਦਾ ਪ੍ਰਣ ਲਿਆ | ਅੰਤ 'ਚ ਰਾਸ਼ਟਰ ਗਾਣ ਕਰਵਾਇਆ ਅਤੇ ਪ੍ਰੋਗਰਾਮ ਅਫ਼ਸਰ ਸੁਖਦੇਵ ਸਿੰਘ ਨੇ ਵਿਦਿਆਰਥੀਆਂ ਦੀ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ |