ਬੱਲੂਆਣਾ, 14 ਫਰਵਰੀ (ਜਸਮੇਲ ਸਿੰਘ ਢਿੱਲੋਂ)-ਪੱਛਮੀ ਮਾਲਵਾ ਜ਼ੋਨ ਦੇ 12 ਵਿਧਾਨ ਸਭਾ ਹਲਕਿਆਂ ਦੇ ਐਜੂਕੇਸ਼ਨ ਕੋਆਡੀਨੇਟਰਾਂ ਦੀ ਇਕ ਅਹਿਮ ਮੀਟਿੰਗ ਸਟੇਟ ਕੋਆਰਡੀਨੇਟਰ ਗੁਲਸ਼ਨ ਕੁਮਾਰ ਛਾਬੜਾ ਤੇ ਪੱਛਮੀ ਮਾਲਵਾ ਜ਼ੋਨ ਦੇ ਕੋਆਰਡੀਨੇਟਰ ਹਰਮੰਦਰ ਸਿੰਘ ਦੀ ਰਹਿਨੁਮਾਈ ਹੇਠ ਬਠਿੰਡਾ ਦੇ ਸਰਕਟ ਹਾਊਸ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਟੇਟ ਕੋਆਰਡੀਨੇਟਰ ਗੁਲਸ਼ਨ ਕੁਮਾਰ ਛਾਬੜਾ ਨੇ ਸਮੂਹ ਕੋਆਰਡੀਨੇਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਉਹ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਅੰਦਰ ਸਮੂਹ ਸਰਕਾਰੀ ਸਕੂਲਾਂ ਦੀ ਵਿਜ਼ਟ ਕਰਨ | ਵਿਜ਼ਟ ਦੌਰਾਨ ਸਕੂਲ ਵਿਚ ਜੋ ਕਮੀਆਂ ਹਨ ਭਾਵੇਂ ਉਹ ਅਧਿਆਪਕਾਂ ਦੀ ਘਾਟ ਹੋਵੇ, ਭਾਵੇਂ ਬਿਲਡਿੰਗ ਦੀ ਘਾਟ ਹੋਵੇ, ਕਿਸੇ ਚਾਰ ਦੀਵਾਰੀ ਦੀ ਘਾਟ ਹੋਵੇ ਜਾਂ ਫਿਰ ਕਿਸੇ ਹੋਰ ਸਮਗਰੀ ਦੀ ਘਾਟ ਹੋਵੇ ਆਦਿ ਨੋਟ ਕਰਕੇ ਸਰਕਾਰ ਦੇ ਧਿਆਨ 'ਚ ਲਿਆਂਦੀਆਂ ਜਾਣ, ਤਾਂ ਜੋ ਜਿੰਨੀ ਜਲਦੀ ਹੋ ਸਕੇ ਸਕੂਲਾਂ ਦੀਆਂ ਇਨ੍ਹਾਂ ਕਮੀਆਂ ਨੂੰ ਦੂਰ ਕੀਤਾ ਜਾ ਸਕੇ | ਉਕਤ ਜਾਣਕਾਰੀ ਦਿੰਦਿਆਂ ਬੱਲੂਆਣਾ ਹਲਕੇ ਦੇ ਐਜੂਕੇਸ਼ਨ ਕੋਆਰਡੀਨੇਟਰ ਦਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਅਤੇ ਸਿੱਖਿਆ ਦੋਨਾਂ ਖੇਤਰਾਂ 'ਚ ਬਿਹਤਰੀ ਲਈ ਸੰਭਵ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਵਿਕਾਸ ਕਾਰਜ ਜੋ ਪਿਛਲੇ 4 ਸਾਲਾਂ ਵਿਚ ਹੋਏ ਹਨ ਉਹ ਕਾਬਲੀਏ ਤਾਰੀਫ਼ ਹਨ |