ਫ਼ਿਰੋਜ਼ਪੁਰ, 29 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਲੋਂ ਫ਼ਸਲੀ ਵਿਭਿੰਨਤਾ ਅਤੇ ਨਵੀਂ ਖੇਤੀ ਮਸ਼ੀਨਰੀ ਨੂੰ ਉਤਸ਼ਾਹਿਤ ਕਰਨ ਲਈ ਸੀ.ਡੀ.ਪੀ. ਅਤੇ ਸਮੈਮ ਸਕੀਮ ਸਾਲ 2026-27 ਦੌਰਾਨ ਖੇਤੀ ਮਸ਼ੀਨਰੀ ਸਬਸਿਡੀ 'ਤੇ ਦੇਣ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ | ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਵਿਅਕਤੀਗਤ ਕਿਸਾਨ ਅਤੇ ਕਸਟਮ ਹਾਈਰਿੰਗ ਸੈਂਟਰ ਸੀ.ਡੀ.ਪੀ ਸਕੀਮ ਹੇਠ ਫ਼ਸਲੀ ਵਿਭਿੰਨਤਾ ਲਈ ਮਸ਼ੀਨਾਂ ਨੂਮੈਟਿਕ ਪਲਾਸਟਰ, ਸ਼ੂਗਰਕੇਨ ਹਰਵੇਸਟਰ, ਮੇਜ਼ ਸ਼ੈਲਰ, ਹਾਈ ਕਲੀਅਰੈਂਸ ਬੂਮ ਸਪਰੇਅਰ, ਮੈਨੂਅਲਪਾਵਰ ਸਪਰੇਅਰ, ਸ਼ੂਗਰਕੇਨ ਪਲਾਸਟਰ, ਗਰਾਊਾਡਨਟ ਡਿੱਗਰ, ਕਾਟਨ ਪਲਕਰ ਅਤੇ ਮਲਟੀ ਕਰਾਪ ਥਰੈਸ਼ਰ ਅਤੇ ਪੋਰਟਲ ਦੀ ਸੂਚੀ 'ਚ ਦਰਜ ਮਸ਼ੀਨਾਂ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ | ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਆਪਣੀ ਅਰਜ਼ੀ ਪੋਰਟਲ 'ਤੇ ਆਨਲਾਈਨ 12 ਮਈ 2026 ਤੱਕ ਦੇ ਸਕਦੇ ਹਨ | ਜੇਕਰ ਫਾਈਲ ਅਪਲਾਈ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਕਿਸਾਨ ਆਪਣੇ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਅਤੇ ਵਧੇਰੇ ਜਾਣਕਾਰੀ ਲਈ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਵਿਖੇ ਸੰਪਰਕ ਕਰ ਸਕਦੇ ਹਨ | ਇਸ ਤੋਂ ਇਲਾਵਾ ਸਮੈਮ ਸਕੀਮ ਅਧੀਨ ਵਿਅਕਤੀਗਤ ਕਿਸਾਨ ਅਤੇ ਕਸਟਮ ਹਾਈਰਿੰਗ ਸੈਂਟਰਾਂ ਲਈ ਡੀ.ਐੱਸ.ਆਰ, ਪੀ.ਟੀ.ਓ ਉਪਰੇਟਿਡ ਬੰਡ ਫਾਰਮਰ, ਹਾਈ ਕਲੀਅਰੈਂਸ ਬੂਮ ਸਪਰੇਅਰ, ਪੀ.ਟੀ.ਓ ਉਪਰੇਟਿਡ ਫਰਟੀਲਾਈਜ਼ਰ ਸਪਰੈਡਰ, ਪੈਡੀ ਟਰਾਂਸਪਲਾਂਟਰ, ਟਰੈਕਟਰ ਆਪਰੇਟਿਡ ਬੂਮ ਸਪਰੇਅਰ, ਨਰਸਰੀ ਸੀਡਰ, ਟਰੈਕਟਰ ਆਪਰੇਟਿਡ ਇਲੈਕਟਰੋਸਟੈਟਿਕ ਸਪਰੇਅਰ ਆਦਿ ਮਸ਼ੀਨਾਂ ਲੈਣ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਲੋਂ ਸੀ.ਡੀ.ਪੀ ਸਕੀਮ ਹੇਠ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਖੇਤੀ ਮਸ਼ੀਨਾਂ ਅਤੇ ਸਮੈਮ ਸਕੀਮ ਅਧੀਨ ਆਧੁਨਿਕ ਖੇਤੀ ਮਸ਼ੀਨਾਂ ਸਬਸਿਡੀ 'ਤੇ ਮੁਹੱਈਆ ਕਰਵਾਈਆ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਖੇਤੀ ਕਰਨੀ ਸੌਖੀ ਹੋਣ ਦੇ ਨਾਲ-ਨਾਲ, ਸਮੇਂ ਦੀ ਬੱਚਤ ਵੀ ਹੋਵੇਗੀ, ਲੇਬਰ ਦਾ ਖਰਚਾ ਘੱਟ ਹੋਵੇਗਾ ਅਤੇ ਪਾਣੀ ਦੀ ਬੱਚਤ ਹੋਵੇਗੀ ਅਤੇ ਨਾਲ ਹੀ ਕਿਸਾਨਾਂ ਦਾ ਮੁਨਾਫ਼ਾ ਵੀ ਵਧੇਗਾ |