01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਦੇ ਪਰਿਵਾਰ ਵਲੋਂ ਵਿਵਾਦਿਤ ਦੁਕਾਨਾਂ ਅੱਗੇ ਧਰਨਾ

ਅਜੀਤ ਡੈਸਕ 18-05-2026

ਮਮਦੋਟ ,17 ਮਈ ( ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)-ਕਸਬਾ ਮਮਦੋਟ ਵਿਚ ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਪਿਛਲੇ ਦਿਨੀ ਗੁਰਜੰਟ ਸਿੰਘ ਪੁੱਤਰ ਬਲਦੇਵ ਸਿੰਘ ਵਲੋਂ ਇਕ ਆਡੀਓ ਕਲਿੱਪ ਵਿੱਚ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਤੇ ਉਸ ਦੇ ਪਰਿਵਾਰ ਦੀ ਮਾਲਕੀ ਦੁਕਾਨਾਂ ਵਾਲੀ ਜਗ੍ਹਾ 'ਤੇ ਨਾਜਾਇਜ ਕਬਜ਼ੇ ਦਾ ਦੋਸ਼ ਲਗਾਉਂਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ | ਜਿਸ ਤੋ ਬਾਅਦ ਪੁਲਿਸ ਵਲੋਂ ਆਡੀਓ ਕਲਿੱਪ ਵਿਚ ਲਏ ਗਏ ਨਾਂਵਾਂ ਵਾਲੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਸੀ | ਉਸ ਦਿਨ ਤੋਂ ਹੀ ਵਿਵਾਦਿਤ ਦੁਕਾਨਾਂ ਨੂੰ ਤਾਲੇ ਲੱਗੇ ਹੋਏ ਹਨ | ਅੱਜ ਮਿ੍ਤਕ ਦੇ ਪਰਿਵਾਰ ਵੱਲੋਂ ਨਾਮਜ਼ਦ ਦੁਕਾਨਦਾਰਾਂ ਨੂੰ ਫੜਨ ਲਈ ਅਤੇ ਵਿਵਾਦਿਤ ਦੁਕਾਨਾਂ ਨਾ ਖੋਲ੍ਹਣ ਲਈ ਦੁਕਾਨਾਂ ਦੇ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਗਿਆ,ਪਰਿਵਾਰ ਦਾ ਦੋਸ਼ ਸੀ ਕਿ ਮੁਕੱਦਮਾ ਦਰਜ ਕਰਨ ਤੋਂ ਬਾਅਦ ਪੁਲਿਸ ਵੱਲੋਂ ਕਿਸੇ ਵੀ ਵਿਅਕਤੀ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ | ਦੂਜੇ ਪਾਸੇ ਵਪਾਰ ਮੰਡਲ ਵਲੋਂ ਕਸਬੇ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਕੇ ਸਮੂਹ ਦੁਕਾਨਦਾਰਾਂ ਵਲੋਂ ਥਾਣਾ ਮਮਦੋਟ ਦੇ ਸਾਹਮਣੇ ਧਰਨਾ ਲਗਾ ਦਿੱਤਾ ਗਿਆ | ਦੁਕਾਨਦਾਰਾਂ ਦਾ ਕਹਿਣਾ ਸੀ ਕਿ ਲਗਭਗ 2 ਹਫ਼ਤੇ ਤੋਂ ਦੁਕਾਨਾਂ ਬੰਦ ਹਨ, ਤੇ ਕੁਝ ਵਿਅਕਤੀਆਂ ਵਲੋਂ ਧੱਕੇ ਨਾਲ ਹੋਰ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਜਿਸ ਨਾਲ ਕੋਈ ਲੜਾਈ ਝਗੜਾ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ | ਵਪਾਰ ਮੰਡਲ ਦੀ ਮੰਗ ਸੀ ਕਿ ਜੇਕਰ ਕੋਈ ਦੁਕਾਨ ਬੰਦ ਕਰਨੀ ਹੈ ਤਾਂ ਸਿਵਲ ਜਾਂ ਪੁਲਿਸ ਪ੍ਰਸ਼ਾਸਨ ਕਾਨੂੰਨ ਮੁਤਾਬਿਕ ਆਪ ਆ ਕੇ ਕਰਵਾਏ , ਇਸਦੇ ਨਾਲ ਹੀ ਪ੍ਰਸ਼ਾਸਨ ਵਲੋਂ ਵਿਵਾਦਿਤ ਦੁਕਾਨਾਂ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਜਾਂ ਮਿਣਤੀ ਕਰਕੇ ਸਹੀ ਫ਼ੈਸਲਾ ਲਿਆ ਜਾਵੇ, ਬੇਵਜ੍ਹਾ ਕਿਸੇ ਵੀ ਦੁਕਾਨਦਾਰ ਨੂੰ ਮੁਕੱਦਮੇ ਵਿਚ ਸ਼ਾਮਲ ਕਰਕੇ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ | ਉੱਧਰ ਧਰਨਿਆਂ ਦਾ ਪਤਾ ਚੱਲਣ ਤੋਂ ਬਾਅਦ ਮਸਲੇ ਨੂੰ ਸੁਲਝਾਉਣ ਲਈ ਐ.ਪੀ ਹੈੱਡਕੁਆਟਰ ਮਨਜੀਤ ਸਿੰਘ ਮੌਕੇ ਤੇ ਪੁੱਜੇ, ਜਿਨ੍ਹਾਂ ਦੇ ਨਾਲ ਐਸ.ਐਸ ਓ ਹਰਿੰਦਰ ਸਿੰਘ ਚਮੇਲੀ ਨੇ ਧਰਨਾਕਾਰੀਆਂ ਅਤੇ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਕੇ ਧਰਨੇ ਸਮਾਪਤ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਦੋਵੇਂ ਧਿਰਾਂ ਆਪੋ ਆਪਣੀਆਂ ਮੰਗਾਂ ਤੇ ਅੜੀਆਂ ਹੋਈਆਂ ਸਨ | ਪੁਲਿਸ ਪ੍ਰਸ਼ਾਸਨ ਵਲੋਂ ਇਸ ਮਸਲੇ ਨੂੰ ਸੁਲਝਾਉਣ ਲਈ ਦੋਵਾਂ ਧਿਰਾਂ ਦੀ ਸਾਂਝੀ 6 ਮੈਂਬਰੀ ਕਮੇਟੀ ਬਣਾਉਣ ਦਾ ਸੁਝਾਅ ਵੀ ਦਿੱਤਾ ਤਾਂ ਜੋ ਗੱਲਬਾਤ ਰਾਹੀਂ ਮਸਲੇ ਨੂੰ ਸੁਲਝਾਇਆ ਜਾ ਸਕੇ | ਪਰੰਤੂ ਖ਼ਬਰ ਲਿਖੇ ਜਾਣ ਤੱਕ ਧਰਨੇ ਜਾਰੀ ਸਨ |

ਪਿਛਲੀ ਖ਼ਬਰ ਹਰੀਕੇ ਹੈੱਡ ਵਰਕਸ 'ਤੇ ਪਹੁੰਚਿਆ ਰਾਵੀ-ਬਿਆਸ ਜਲ ਟਿ੍ਬਿਊਨਲ ਅਗਲੀ ਖ਼ਬਰ ਸੀਤੋ ਰੋਡ ਸੰਘਰਸ਼ ਕਮੇਟੀ ਨੇ 'ਰੋਡ ਨਹੀਂ ਤਾਂ ਵੋਟ ਨਹੀਂ' ਦਾ ਕੀਤਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।