ਜ਼ੀਰਾ, 5 ਜੂਨ (ਪ੍ਰਤਾਪ ਸਿੰਘ ਹੀਰਾ)-ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੀ ਇਕਾਈ ਬੋਤੀਆਂ ਵਾਲਾ ਦੀ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਾਇਬ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਦੌਰਾਨ ਜਥੇਬੰਦੀ ਵਿਚ ਆਉਂਦੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਜ਼ੀਰਾ ਇਲਾਕੇ ਵਿਚ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਤੇ ਟਰਾਂਸਫ਼ਾਰਮਰਾਂ ਵਿਚੋਂ ਤੇਲ ਅਤੇ ਹੋਰ ਸਮਾਨ ਵੱਡੀ ਪੱਧਰ 'ਤੇ ਚੋਰੀ ਹੋਇਆ ਹੈ ਅਤੇ ਇਸ ਚੋਰੀ ਦੇ ਸਮਾਨ ਨੂੰ ਜ਼ੀਰਾ ਵਿਖੇ ਇਕ ਕਬਾੜੀਏ ਕੋਲ ਵੇਚਿਆ ਜਾਂਦਾ ਸੀ | ਜਿਸ ਉੱਤੇ ਕਿਸਾਨ ਯੂਨੀਅਨ ਆਮ ਵਲੋਂ ਪਰਚਾ ਵੀ ਦਰਜ ਕਰਵਾਇਆ ਗਿਆ ਹੈ | ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਪਿੰਡਾਂ ਦੇ ਲਿੰਕ ਰੋਡਾਂ 'ਤੇ ਰਾਤ ਦੀ ਗਸ਼ਤ ਵਿਚ ਵਾਧਾ ਕੀਤਾ ਜਾਵੇ | ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਬਿਜਾਈ ਨੂੰ ਮੁੱਖ ਰੱਖਦਿਆਂ ਹੋਇਆਂ ਬਿਜਲੀ ਸਪਲਾਈ ਅੱਠ ਘੰਟੇ ਨਿਰਵਿਘਨ ਕਿਸਾਨਾਂ ਨੂੰ ਦਿੱਤੀ ਜਾਵ |ੇ ਉਹਨਾਂ ਕਿਹਾ ਕਿ ਬਿਜਲੀ ਲਾਈਨ ਵਿੱਚ ਫਾਲਟ ਪੈਣ ਤੇ ਪਾਵਰਕਾਮ ਦੇ ਮੁਲਾਜ਼ਮ ਨੁਕਸ ਕੱਢਣ ਵਿਚ ਬਹੁਤ ਦੇਰ ਲਗਾਉਂਦੇ ਹਨ | ਉਹਨਾਂ ਬੇਨਤੀ ਕੀਤੀ ਕਿ ਜਲਦੀ ਤੋਂ ਜਲਦੀ ਬਿਜਲੀ ਸਪਲਾਈ ਬਹਾਲ ਕੀਤੀ ਜਾਵੇ | ਇਸ ਮੌਕੇ ਮੀਟਿੰਗ ਵਿਚ ਨਿਰੰਜਨ ਸਿੰਘ, ਗੁਰਤੇਜ ਸਿੰਘ, ਗੁਰਨੇਕ ਸਿੰਘ, ਪਰਮਿੰਦਰ ਸਿੰਘ, ਤਲਜੀਤ ਸਿੰਘ, ਮਹਿੰਦਰ ਸਿੰਘ, ਅਮਰਜੀਤ ਸਿੰਘ, ਅੰਗਰੇਜ਼ ਸਿੰਘ, ਨਛੱਤਰ ਸਿੰਘ ਆਦਿ ਕਿਸਾਨ ਹਾਜ਼ਰ ਸਨ |