ਬਠਿੰਡਾ, 15 ਫਰਵਰੀ (ਸੱਤਪਾਲ ਸਿੰਘ ਸਿਵੀਆਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਅੱਜ ਜ਼ਿਲੇ੍ਹ ਭਰ ਦੇ ਪਿੰਡਾਂ ਵਿਚ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ ਗਿਆ | ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਭਾਰਤ-ਅਮਰੀਕਾ ਸਮਝੌਤੇ ਤਹਿਤ ਜਦੋਂ ਅਮਰੀਕੀ ਸਸਤੀਆਂ ਜਿਨਸਾਂ ਭਾਰਤੀ ਬਾਜ਼ਾਰ ਵਿਚ ਆਉਣਗੀਆਂ ਤਾਂ ਮਹਿੰਗੀਆਂ ਭਾਰਤੀ ਜਿਨਸਾਂ ਨੂੰ ਕੌਣ ਖ਼ਰੀਦੇਗਾ, ਕਿਉਂਕਿ ਜਿੱਥੇ ਅਮਰੀਕਾ ਆਪਣੇ ਕਿਸਾਨਾਂ ਨੂੰ ਵੱਡੀ ਪੱਧਰ 'ਤੇ ਸਬਸਿਡੀ ਦਿੰਦਾ ਹੈ, ਉੱਥੇ ਭਾਰਤ ਦੇ ਕਿਸਾਨਾਂ ਨੂੰ ਉਸ ਦੇ ਮੁਕਾਬਲੇ ਸਿਰਫ਼ 1 ਜਾਂ 2 ਫ਼ੀਸਦੀ ਹੀ ਸਬਸਿਡੀ ਮਿਲਦੀ ਹੈ, ਇਸ ਲਈ ਅੱਜ ਭਾਰਤ ਸਰਕਾਰ ਨੂੰ ਭਾਰਤੀ ਕਿਸਾਨਾਂ ਨਾਲ ਖੜ ਕੇ ਇਹ ਸਮਝੌਤਾ ਰੱਦ ਕਰਨਾ ਚਾਹੀਦਾ ਸੀ, ਪਰ ਭਾਰਤ ਸਰਕਾਰ ਭਾਰਤੀ ਅਰਥਚਾਰੇ, ਭਾਰਤੀ ਕਿਸਾਨੀ, ਭਾਰਤੀ ਵਪਾਰੀ ਵਰਗ ਅਤੇ ਛੋਟੇ ਦੁਕਾਨਦਾਰਾਂ ਦੇ ਹਿੱਤ ਅਮਰੀਕਾ ਅੱਗੇ ਗਹਿਣੇ ਰੱਖ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਭੁਲੇਖਾ ਹੈ ਕਿ ਇੱਥੇ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਦੇ ਹਾਰ ਬਣਾ ਕੇ ਉਨ੍ਹਾਂ ਰਾਹੀਂ ਖੇਤੀ ਕਰਵਾਈ ਜਾਵੇਗੀ, ਭਾਰਤ ਦੇ ਕਿਸਾਨ ਇਹ ਕਦੇ ਵੀ ਨਹੀਂ ਹੋਣ ਦੇਣਗੇ | ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ, ਜਿਸ ਨੂੰ ਆਉਣ ਵਾਲੇ ਦਿਨਾਂ ਅੰਦਰ ਹੋਰ ਤੇਜ ਕੀਤਾ ਜਾਵੇਗਾ | ਇਸ ਮੌਕੇ ਅੰਗਰੇਜ਼ ਸਿੰਘ ਕਲਿਆਣ, ਦਰਸ਼ਨ ਸਿੰਘ ਬੱਜੋਆਣ, ਬਲਵਿੰਦਰ ਸਿੰਘ ਜੋਧਪੁਰ, ਮਹਿਮਾ ਸਿੰਘ ਤਲਵੰਡੀ ਸਾਬੋ, ਸੁਖਦੇਵ ਸਿੰਘ ਫੂਲ, ਕੁਲਵੰਤ ਸਿੰਘ ਨੇਹੀਆਂਵਾਲਾ, ਗੁਰਜੰਟ ਸਿੰਘ ਭਗਤਾ, ਦੀਪੂ ਸਿੰਘ ਮੰਡੀ ਕਲਾਂ, ਗੁਰਦੀਪ ਸਿੰਘ ਮਹਿਮਾ ਸਰਜਾ, ਬੀਰਾ ਸਿੰਘ ਮਹਿਤਾ, ਜਸਬੀਰ ਸਿੰਘ ਨੰਦਗੜ੍ਹ ਨੇ ਸੰਬੋਧਨ ਕੀਤਾ |