ਬਠਿੰਡਾ, 17 ਫਰਵਰੀ (ਵੀਰਪਾਲ ਸਿੰਘ)-ਬਠਿੰਡਾ ਸ਼ਹਿਰ ਵਿਚ ਟਰੈਫ਼ਿਕ ਪੂਰੀ ਤਰ੍ਹਾਂ ਬੇਲਗਾਮ ਹੋ ਚੁੱਕਾ ਹੈ, ਬਠਿੰਡਾ ਟਰੈਫ਼ਿਕ ਪੁਲਿਸ ਸ਼ਹਿਰ ਦੀ ਟਰੈਫ਼ਿਕ ਸਮੱਸਿਆ ਨੂੰ ਕੰਟਰੋਲ ਕਰਨ 'ਚ ਅਸਮਰੱਥ ਨਜ਼ਰ ਆ ਰਹੀ ਹੈ | ਦੂਸਰੇ ਪਾਸੇ ਲੋਕ ਵੀ ਆਪਣੇ ਫ਼ਰਜ਼ਾਂ ਤੋਂ ਪੂਰੀ ਤਰ੍ਹਾਂ ਬੇਖ਼ਬਰ ਹਨ | ਸ਼ਹਿਰ 'ਚ ਆਟੋ ਰਿਕਸ਼ਾ ਚਾਲਕਾਂ ਦੀ ਭੀੜ ਨੇ ਸ਼ਹਿਰ ਦੀਆਂ ਸਮੂਹ ਸੜਕਾਂ, ਬਜ਼ਾਰਾਂ 'ਚ ਕਬਜ਼ਾ ਕੀਤਾ ਹੋਇਆ ਹੈ | ਸਭ ਤੋਂ ਵੱਡੀ ਸਮੱਸਿਆ ਬਠਿੰਡਾ ਰੇਲਵੇ ਸਟੇਸ਼ਨ ਦੀਆਂ ਬਿਜਲੀ ਨਾਲ ਚੱਲਣ ਵਾਲੀਆਂ ਪੌੜੀਆਂ ਤੋਂ ਆਉਣ ਅਤੇ ਜਾਣ ਵਾਲੇ ਰੇਲ ਯਾਤਰੀਆਂ ਲਈ ਆਟੋ ਰਿਕਸ਼ਾ ਚਾਲਕਾਂ ਵਲੋਂ ਪੱਕਾ ਹੀ ਬੰਦ ਫਾਟਕ ਲਗਾ ਰੱਖਿਆ ਹੈ | ਲੋਕਾਂ ਨੂੰ ਬਿਜਲੀ ਨਾਲ ਚੱਲਣ ਵਾਲੀਆਂ ਪੌੜੀਆਂ ਦਾ ਇਸਤੇਮਾਲ ਕਰਨਾ ਪੈਂਦਾ ਹੈ | ਰੇਲਵੇ ਸਟੇਸ਼ਨ ਦੀ ਪ੍ਰਵੇਸ਼ ਪੌੜੀਆਂ ਚੜ੍ਹਨ ਤੋਂ ਪਹਿਲਾਂ ਆਟੋ ਰਿਕਸ਼ਾ ਚਾਲਕਾਂ ਵਲੋਂ ਰਿਕਸ਼ਾ ਖੜੇ ਕਰਕੇ ਲਗਾਏ ਗਏ ਫ਼ਾਟਕ ਤੋਂ ਲੰਘਣ ਲਈ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਬਿਜਲੀ ਨਾਲ ਚੱਲਣ ਵਾਲੀਆਂ ਪੌੜੀਆਂ ਦਾ ਇਸਤੇਮਾਲ ਭਾਰੀ ਸਾਮਾਨ ਵਾਲੇ ਯਾਤਰੀ, ਬਜ਼ੁਰਗ ਅਤੇ ਅੰਗਹੀਣ ਵਧੇਰੇ ਕਰਦੇ ਹਨ | ਆਟੋ ਰਿਕਸ਼ਾ ਚਾਲਕਾਂ ਵਲੋਂ ਖੜੇ ਕੀਤੇ ਆਟੋ ਰਿਕਸ਼ਾ ਕਾਰਨ ਕਈ ਵਾਰ ਯਾਤਰੀਆਂ ਦੀਆਂ ਰੇਲਾਂ ਖੁੰਝ ਜਾਣ ਕਾਰਣ ਵਧੇਰੇ ਪ੍ਰੇਸ਼ਾਨ ਹੁੰਦੇ ਹਨ | ਟਰੈਫ਼ਿਕ ਪੁਲਿਸ ਅਧਿਕਾਰੀਆਂ ਦੇ ਨੱਕ ਹੇਠ ਚੱਲ ਰਹੀ ਇਹ ਸਮੱਸਿਆ ਟਰੈਫ਼ਿਕ ਪੁਲਿਸ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ | ਦੂਸਰੇ ਪਾਸੇ ਬਠਿੰਡਾ ਦੇ ਬਾਜ਼ਾਰ ਵਿਚ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਰੱਖਿਆ ਗਿਆ ਸਾਮਾਨ, ਆਟੋ ਰਿਕਸ਼ਾ ਦੀ ਭੀੜ ਕਾਰਨ ਕੋਰਟ ਰੋਡ, ਮਹਿਣਾ ਚੌਕ ਰੋਡ, ਸਿਰਕੀ ਬਾਜ਼ਾਰ ਵਿਚ ਰੋਜ਼ਾਨਾ ਜਾਮ ਲੱਗਿਆ ਰਹਿੰਦਾ | ਜਿਸ ਨਾਲ ਲੋਕਾਂ ਨੂੰ ਟਰੈਫ਼ਿਕ ਸਮੱਸਿਆ ਦਾ ਸਾਹਮਣਾ ਕਰਦੇ ਹੋਏ ਘੰਟਿਆਂਬੱਧੀ ਆਪਣਾ ਸਮਾਂ ਬਰਬਾਦ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ | ਸਥਾਨਕ ਮਾਲ ਰੋਡ 'ਤੇ ਦੁਕਾਨਦਾਰਾਂ ਵਲੋਂ ਆਪਣੀਆਂ ਨਿੱਜੀ ਗੱਡੀਆਂ ਖੜੀਆਂ ਕਰਨ ਅਤੇ ਗਾਹਕਾਂ ਦੀਆਂ ਗੱਡੀਆਂ ਕਾਰਨ ਸ਼ਾਮ ਵੇਲੇ ਹਰ ਰੋਜ਼ ਜਾਮ ਲੱਗਿਆ ਰਹਿੰਦਾ ਹੈ | ਬੱਸ ਸਟੈਂਡ ਬਠਿੰਡਾ ਵਿਚ ਉਤਰਨ ਵਾਲੀਆਂ ਸਵਾਰੀਆਂ ਲਈ ਬਠਿੰਡਾ ਬੱਸ ਸਟੈਂਡ ਗੇਟ ਤੋਂ ਬਾਹਰ ਆਉਣ ਲਈ ਆਟੋ ਰਿਕਸ਼ਾ ਦੀ ਭੀੜ ਹਮੇਸ਼ਾ ਪ੍ਰੇਸ਼ਾਨੀਆਂ ਦਾ ਕਾਰਨ ਬਣੀ ਹੋਈ ਵਿਖਾਈ ਦਿੰਦੀ ਹੈ | ਸ਼ਹਿਰ ਦੀਆਂ ਇਨ੍ਹਾਂ ਵੱਖ-ਵੱਖ ਥਾਵਾਂ, ਬਜ਼ਾਰਾਂ ਦੀ ਟਰੈਫ਼ਿਕ ਜਾਮ ਦੀ ਸਮੱਸਿਆ ਦਾ ਕੰਟਰੋਲ ਕਰਨ ਲਈ ਟਰੈਫ਼ਿਕ ਪੁਲਿਸ ਦੀ ਫੂਕ ਨਿਕਲ ਚੁੱਕੀ ਲੱਗ ਰਹੀ ਹੈ | ਲੋਕਾਂ ਵਲੋਂ ਸਮੱਸਿਆ ਦਾ ਹੱਲ ਕਰਨ ਲਈ ਜ਼ਿਲ੍ਹਾ ਪੁਲਿਸ ਮੁੱਖੀ ਡਾ: ਜਯੋਤੀ ਯਾਦਵ ਵਲੋਂ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ |
ਬਠਿੰਡਾ ਵਿਚ ਟਰੈਫ਼ਿਕ ਬੇਲਗਾਮ-ਟਰੈਫ਼ਿਕ ਪੁਲਿਸ ਕੰਟਰੋਲ ਕਰਨ ਵਿਚ ਅਸਮਰੱਥ
ਅਜੀਤ ਡੈਸਕ
18-02-2026