ਭੁੱਚੋ ਮੰਡੀ, 17 ਫਰਵਰੀ (ਬਿੱਕਰ ਸਿੰਘ ਸਿੱਧੂ)-ਮੰਡੀ ਦੇ ਰੇਲਵੇ ਸਟੇਸ਼ਨ 'ਤੇ ਕਰੋਨਾ ਕਾਲ ਤੋਂ ਰੇਲ ਗੱਡੀਆਂ ਦੇ ਰੁਕਣ 'ਤੇ ਲਗਾਈ ਗਈ ਰੋਕ ਨੂੰ ਹਟਾ ਕੇ ਗੱਡੀਆਂ ਦਾ ਮੁੜ ਰੁਕਣਾ ਸ਼ੁਰੂ ਕਰਵਾਉਣ ਲਈ ਬਠਿੰਡਾ ਤੋਂ ਐਮ. ਪੀ. ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਮ ਲਿਖਿਆ ਇਕ ਮੰਗ ਪੱਤਰ ਮੰਡੀ ਵਾਸੀਆਂ ਵਲੋਂ ਅਕਾਲੀ ਦਲ ਦੇ ਨਵ ਨਿਯੁੱਕਤ ਹਲਕਾ ਇੰਚਾਰਜ ਡਾ: ਦਲਜੀਤ ਸਿੰਘ ਗੁਰੂ ਨੂੰ ਸੌਂਪ ਕੇ ਮੰਗ ਕੀਤੀ ਗਈ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ | ਕਰਿਆਨਾ ਐਸੋਸ਼ੀਏਸ਼ਨ ਦੇ ਪ੍ਰਧਾਨ ਪਰਦੀਪ ਬਾਂਸਲ ਨੇ ਦੱਸਿਆ ਕਿ ਫ਼ਾਜ਼ਿਲਕਾ ਦਿੱਲੀ ਐਕਸਪ੍ਰੈਸ ਦੇ ਨਾ ਰੁਕਣ ਕਰਕੇ ਭੁੱਚੋ ਮੰਡੀ, ਤਪਾ ਮੰਡੀ ਅਤੇ ਇਸ ਦੇ ਨਾਲ ਲਗਦੇ ਘੱਟੋ ਘੱਟ 40 ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਰੋਨਾ ਕਾਲ ਤੋਂ ਪਹਿਲਾਂ ਇਹ ਰੇਲ ਗੱਡੀ ਭੁੱਚੋ ਮੰਡੀ ਦੇ ਸਟੇਸ਼ਨ 'ਤੇ ਰੁਕਦੀ ਸੀ ਪਰੰਤੂ ਕਰੋਨਾ ਸਮੇਂ ਇਸ ਦੇ ਰੁਕਣ 'ਤੇ ਰੋਕ ਲਗਾ ਦਿੱਤੀ ਗਈ, ਜਿਸ ਕਾਰਨ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ਨੂੰ ਦੇਖਦੇ ਹੋਏ ਇਸ ਗੱਡੀ ਦਾ ਸਟੇਸ਼ਨ 'ਤੇ ਰੁਕਣਾ ਯਕੀਨੀ ਬਣਾਇਆ ਜਾਵੇ | ਡਾ. ਦਲਜੀਤ ਗੁਰੂ ਨੇ ਭਰੋਸਾ ਦਿੱਤਾ ਕਿ ਉਹ ਲੋਕਾਂ ਦੀ ਇਸ ਮੰਗ ਨੂੰ ਬੀਬਾ ਹਰਸਿਮਰਤ ਬਾਦਲ ਤੱਕ ਪੁੱਜਦਾ ਕਰਕੇ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ | ਇਸ ਮੌਕੇ ਸੀਨੀਅਰ ਅਕਾਲੀ ਆਗੂ ਨਰਦੀਪ ਗਰਗ, ਡਾ. ਸਾਧੂ ਰਾਮ, ਪਰਗਟ ਸਿੰਘ, ਪਰਮਜੀਤ ਪੰਮਾ, ਕਰਮ ਸਿੰਘ, ਸਿਕੰਦਰ ਸਿੰਘ, ਪਿ੍ਤਪਾਲ ਸਿੰਘ, ਆਸ਼ੂ ਚੌਹਾਨ ਆਦਿ ਹਾਜ਼ਰ ਸਨ |