03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

-ਨਗਰ ਕੌਂਸਲ ਰਾਮਾਂ ਚੋਣ ਨਤੀਜੇ- 'ਆਪ' ਦੀ ਸ਼ਾਨਦਾਰ ਜਿੱਤ, ਵਿਧਾਇਕਾ ਨੇ ਜੇਤੂਆਂ ਨੂੰ ਦਿੱਤੀ ਵਧਾਈ

ਪਰਿਵਾਰਿਕ ਮੈਂਬਰਾਂ ਨਾਲ ਅਕਾਲੀ ਦਲ ਦੀ ਜੇਤੂ ਕਾਜਲ ਰਾਣੀ ਤੇ ਗੁਲਾਲ ਖੇਡਦੇ 'ਆਪ' ਦੇ ਸੁਖਵੰਤ ਸਿੰਘ ਕਾਲਾ | ਤਸਵੀਰ : ਰਣਜੀਤ ਸਿੰਘ ਰਾਜੂ <br/> 30-05-2026
ਤਲਵੰਡੀ ਸਾਬੋ, 29 ਮਈ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਉੱਪ ਮੰਡਲ ਤਲਵੰਡੀ ਸਾਬੋ ਦੇ ਵਪਾਰਕ ਨਗਰ ਰਾਮਾਂ ਮੰਡੀ 'ਚ ਬੀਤੀ 26 ਮਈ ਨੂੰ ਪਈਆਂ ਨਗਰ ਕੌਂਸਲ ਦੀਆਂ ਵੋਟਾਂ ਦੀ ਸਥਾਨਕ ਦਸਮੇਸ਼ ਪਬਲਿਕ ਸੈਕੰਡਰੀ ਸਕੂਲ 'ਚ ਹੋਈ ਗਿਣਤੀ ਮੁਤਾਬਿਕ ਸੱਤਾਧਿਰ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਦਕਿ ਕਾਂਗਰਸ ਅਤੇ ਅਕਾਲੀ ਦਲ ਨੂੰ ਸਿਰਫ਼ ਇਕ-ਇਕ ਸੀਟ 'ਤੇ ਸਬਰ ਕਰਨਾ ਪਿਆ | ਜੇਤੂ ਉਮੀਦਵਾਰਾਂ ਨੇ ਜਿਥੇ ਗਿਣਤੀ ਕੇਂਦਰ ਦੇ ਬਾਹਰ ਰੱਜ ਕੇ ਗੁਲਾਲ ਖੇਡਦਿਆਂ ਖ਼ੁਸ਼ੀ ਪ੍ਰਗਟਾਈ ਉੱਥੇ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਨੇ ਜੇਤੂਆਂ ਨੂੰ ਵਧਾਈ ਦਿੱਤੀ | ਦੱਸਣਯੋਗ ਹੈ ਕਿ ਰਾਮਾਂ ਮੰਡੀ ਨਗਰ ਕੌਂਸਲ ਦੇ ਕੁੱਲ 15 ਵਾਰਡਾਂ 'ਚੋਂ ਦੋ ਵਾਰਡਾਂ 'ਚ ਸੱਤਾਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਹਿਲਾਂ ਹੀ ਬਿਨ੍ਹਾਂ ਮੁਕਾਬਲੇ ਚੁਣੇ ਜਾ ਚੁੱਕੇ ਹਨ ਤੇ 26 ਮਈ ਨੂੰ ਨਗਰ ਦੇ 13 ਵਾਰਡਾਂ 'ਚ ਪਈਆਂ ਵੋਟਾਂ ਦੀ ਅੱਜ ਦਸਮੇਸ਼ ਸਕੂਲ 'ਚ ਬਣਾਏ ਗਿਣਤੀ ਕੇਂਦਰ 'ਚ ਗਿਣਤੀ ਕਰਵਾਈ ਗਈ | ਗਿਣਤੀ ਮੁਤਾਬਿਕ 13 'ਚੋਂ 11 ਵਾਰਡਾਂ 'ਤੇ ਆਮ ਆਦਮੀ ਪਾਰਟੀ, ਇਕ ਸੀਟ ਤੇ ਕਾਂਗਰਸ ਤੇ ਇਕ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ | ਸਾਰੀਆਂ ਧਿਰਾਂ ਦੇ ਜੇਤੂ ਉਮੀਦਵਾਰਾਂ ਨੇ ਜਿੱਤ ਦੇ ਜਸ਼ਨ ਮਨਾਉਂਦਿਆਂ ਰੱਜ ਕੇ ਗੁਲਾਲ ਖੇਡਿਆ ਅਤੇ ਡੀ. ਜੇ. ਦੀ ਥਾਪ 'ਤੇ ਭੰਗੜਾ ਪਾਇਆ | ਉੱਧਰ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੇ ਭਾਵੇ ਉਕਤ ਜਿੱਤ ਨੂੰ ਸੂਬਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੀ ਜਿੱਤ ਦੱਸਦਿਆਂ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਹੁਣ ਰਾਮਾਂ ਮੰਡੀ ਨਗਰ ਦਾ ਵਿਕਾਸ ਹੋਰ ਵੀ ਸੁਚਾਰੂ ਢੰਗ ਨਾਲ ਹੋ ਸਕੇਗਾ | ਉੱਧਰ 'ਆਪ' ਦੀ ਸ਼ਾਨਦਾਰ ਜਿੱਤ ਬਾਬਤ ਵਿਰੋਧੀ ਭਾਵੇਂ ਇਹ ਪ੍ਰਚਾਰ ਕਰ ਰਹੇ ਹਨ ਕਿ ਸੱਤਾਧਿਰ ਨੇ ਸਰਕਾਰੀ ਅਮਲੇ ਦੀ ਦੁਰਵਰਤੋਂ ਨਾਲ ਚੋਣ ਜਿੱਤੀ ਪਰ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਬਲਾਕ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਮਿਲੀ ਮਾਤ ਉਪਰੰਤ ਵਿਧਾਇਕਾ ਬਲਜਿੰਦਰ ਕੌਰ ਨੇ ਇਨ੍ਹਾਂ ਚੋਣਾਂ ਦੀ ਜਿੱਤ ਲਈ ਦਿਨ-ਰਾਤ ਕੰਮ ਕੀਤਾ ਜਿਸ ਦੇ ਨਤੀਜੇ ਵੀ ਉਨ੍ਹਾਂ ਦੇ ਪੱਖ 'ਚ ਆਏ |
ਪਿਛਲੀ ਖ਼ਬਰ ਮੇਰੀ ਜਿੱਤ ਲੋਕਾਂ ਦੀ ਜਿੱਤ-ਪੱਪੀ ਅਗਲੀ ਖ਼ਬਰ ਵਾਰਡ ਨੰਬਰ ਤਿੰਨ ਤੋਂ ਆਜ਼ਾਦ ਉਮੀਦਵਾਰ ਰਮਨਜੀਤ ਕੌਰ ਵੱਡੇ ਫ਼ਰਕ ਨਾਲ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।