ਬਠਿੰਡਾ, 11 ਜੂਨ (ਸੱਤਪਾਲ ਸਿੰਘ ਸਿਵੀਆਂ)-ਜਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਬਠਿੰਡਾ ਦੇ ਸੀ.ਆਈ.ਏ. ਸਟਾਫ-2 ਨੇ ਇਕ ਵਿਅਕਤੀ ਨੂੰ ਵੱਡੀ ਮਾਤਰਾ 'ਚ ਹੈਰੋਇਨ ਸਮੇਤ ਗਿ੍ਫਤਾਰ ਕੀਤਾ ਹੈ, ਜਿਸ ਦੇ ਖਿਲਾਫ ਥਾਣਾ ਕੈਨਾਲ ਕਲੋਨੀ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. (ਸਿਟੀ) ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਜਦੋਂ ਸੀ.ਆਈ.ਏ. ਸਟਾਫ-2 ਦੇ ਸਹਾਇਕ ਥਾਣੇਦਾਰ ਰਾਜਵੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਸਥਾਨਕ ਸੁਰਖਪੀਰ ਸੜਕ 'ਤੇ ਸ਼ੱਕੀ ਵਿਅਕਤੀਆਂ ਸਬੰਧੀ ਗਸ਼ਤ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ, ਉਸ ਕੋਲੋਂ 314 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੀ ਪਹਿਚਾਣ ਰਾਜਪ੍ਰੀਤ ਸਿੰਘ ਵਾਸੀ ਕੋਟਲੀ ਅਬਲੂ ਵਜੋਂ ਹੋਈ ਹੈ, ਜਿਸ ਦੇ ਖਿਲਾਫ਼ ਥਾਣਾ ਕੈਨਾਲ ਕਲੋਨੀ ਨਸ਼ਾ ਰੋਕੂ ਕਾਨੂੰਨ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਡੀ.ਐਸ.ਪੀ. ਨੇ ਦੱਸਿਆ ਕਿ ਮੁਢਲੀ ਪੁੱਛ-ਗਿੱਛ ਦੌਰਾਨ ਸਾਹਮਣੇ ਆਇਆ ਕਿ ਕਥਿਤ ਦੋਸ਼ੀ ਨੇ ਆਰਕੀਟੈਕ ਦਾ ਡਿਪਲੋਮਾ ਕੀਤਾ ਹੋਇਆ ਹੈ ਪਰ ਉਹ ਪਿਛਲੇ ਤਿੰਨ ਕੁ ਮਹੀਨਿਆਂ ਤੋਂ ਨਸ਼ੇ ਦੇ ਧੰਦੇ ਨਾਲ ਜੁੜਿਆ ਹੋਇਆ ਸੀ ਤੇ ਬਠਿੰਡਾ ਦੇ ਮੁਲਤਾਨੀਆਂ ਰੋਡ 'ਤੇ ਬਣੀ ਇਕ ਬਹੁਮੰਜ਼ਲੀ ਇਮਾਰਤ ਵਿਚ ਕਿਰਾਏ ਦਾ ਫਲੈਟ ਲੈ ਕੇ ਰਹਿ ਰਿਹਾ ਸੀ ਤੇ ਇਸ ਦੇ ਖਿਲਾਫ ਥਾਣਾ ਕੋਟਭਾਈ 'ਚ ਪਹਿਲਾਂ ਇਕ ਖੋਹ ਦਾ ਮਾਮਲਾ ਦਰਜ ਹੈ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਤੋਂ ਹੋਰ ਪੁੱਛ-ਗਿੱਛ ਕਰਨ ਲਈ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ |
ਸੀ. ਆਈ. ਏ. ਸਟਾਫ਼ ਵਲੋਂ ਵੱਡੀ ਮਾਤਰਾ 'ਚ ਹੈਰੋਇਨ ਸਮੇਤ ਗਿ੍ਫ਼ਤਾਰ <br/>
ਅਜੀਤ ਡੈਸਕ
12-06-2026