• 15 ਹਜ਼ਾਰ ਏਕੜ ਕਣਕ ਦੀ ਤਬਾਹੀ ਕਾਰਨ ਕਿਸਾਨਾਂ ਦੇ ਜ਼ਖ਼ਮ ਅਜੇ ਵੀ ਹਰੇ • ਗੜੇਮਾਰੀ ਦਾ ਦਰਦ ਅੱਜ ਵੀ ਕਿਸਾਨਾਂ ਦੇ ਸੀਨਿਆਂ ਵਿਚ ਨਾਸੂਰ ਵਾਂਗ ਰਿਸ ਰਿਹਾ- ਬਲਕਰਨ ਸਿੰਘ ਬਰਾੜ <br/> ਸਾਡੇ ਹੰਝੂ ਕੌਣ ਪੂੰਝੇਗਾ? ਗੜ੍ਹੇਮਾਰੀ ਦੇ ਦੋ ਮਹੀਨੇ ਬਾਅਦ ਵੀ ਮੁਆਵਜ਼ੇ ਦੀ ਉਡੀਕ 'ਚ ਅੰਨਦਾਤਾ
ਅਜੀਤ ਡੈਸਕ
12-06-2026
ਪੀੜਤ ਕਿਸਾਨਾਂ ਦੇ ਦਰਦ ਭਰੇ ਸਵਾਲ, 'ਐਲਾਨ ਤਾਂ ਬਹੁਤ ਹੋਏ, ਪਰ ਸਾਡੇ ਹੰਝੂ ਕੌਣ ਪੂੰਝੇਗਾ?' ਇਹ ਪੂਰੇ ਇਲਾਕੇ ਦੇ ਕਿਸਾਨਾਂ ਦੀ ਬੇਬਸੀ ਦੀ ਤਰਜਮਾਨੀ ਕਰਦਾ ਹੈ | ਸਰਕਾਰ ਪ੍ਰਤੀ ਗ਼ੁੱਸਾ ਅਤੇ ਨਿਰਾਸ਼ਾ ਲਗਾਤਾਰ ਵਧ ਰਹੀ ਹੈ, ਜਦਕਿ ਕਿਸਾਨਾਂ ਦਾ ਸਬਰ ਹੁਣ ਟੁੱਟਣ ਦੇ ਕੰਢੇ 'ਤੇ ਹੈ |
ਗੜੇਮਾਰੀ ਨੇ ਸਿਰਫ਼ ਫ਼ਸਲਾਂ ਹੀ ਨਹੀਂ ਉਜਾੜੀਆਂ, ਸਗੋਂ ਹਜ਼ਾਰਾਂ ਪਰਿਵਾਰਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਵੀ ਤੋੜ ਦਿੱਤੀ | ਕਈ ਘਰਾਂ ਦੇ ਚੁੱਲ੍ਹੇ ਠੰਢੇ ਪੈ ਗਏ ਅਤੇ ਪਸ਼ੂਆਂ ਲਈ ਚਾਰੇ ਦੀ ਘਾਟ ਕਾਰਨ ਕਿਸਾਨਾਂ ਨੂੰ ਆਪਣੇ ਡੰਗਰ ਵੇਚਣ ਤੱਕ ਮਜਬੂਰ ਹੋਣਾ ਪਿਆ | ਤੂੜੀ ਅਤੇ ਕਣਕ ਦੂਰ-ਦੁਰਾਡੇ ਇਲਾਕਿਆਂ ਤੋਂ ਮਹਿੰਗੇ ਭਾਅ ਖ਼ਰੀਦ ਕੇ ਗੁਜ਼ਾਰਾ ਕਰਨਾ ਪਿਆ | ਮਜ਼ਦੂਰ ਆਗੂ ਤੇ ਵਾਇਸ ਚੇਅਰਮੈਨ ਭੋਲਾ ਸਿੰਘ ਅਬਲੁ ਨੇ ਕਿਹਾ ਇਸ ਆਫ਼ਤ ਦਾ ਅਸਰ ਸਿਰਫ਼ ਕਿਸਾਨਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਖੇਤੀ ਮਜ਼ਦੂਰਾਂ ਅਤੇ ਗਰੀਬ ਪਰਿਵਾਰਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋਈ ਹੈ | ਅੱਜ ਵੀ ਪ੍ਰਭਾਵਿਤ ਪਿੰਡਾਂ ਵਿਚ ਇੱਕੋ ਸਵਾਲ ਗੂੰਜ ਰਿਹਾ ਹੈ | ਕੁਦਰਤ ਦੇ ਕਹਿਰ ਤੋਂ ਬਾਅਦ ਸਰਕਾਰੀ ਰਾਹਤ ਕਦੋਂ ਮਿਲੇਗੀ? ਕਿਸਾਨਾਂ ਲਈ ਹੁਣ ਸਭ ਤੋਂ ਵੱਡੀ ਉਮੀਦ ਮੁਆਵਜ਼ੇ ਦੀ ਹੈ, ਕਿਉਂਕਿ ਉਨ੍ਹਾਂ ਮੁਤਾਬਿਕ ਗੜੇਮਾਰੀ ਦੇ ਜ਼ਖ਼ਮ ਤਾਂ ਸਮੇਂ ਨਾਲ ਭਰ ਜਾਣਗੇ, ਪਰ ਟੁੱਟੇ ਭਰੋਸੇ ਨੂੰ ਜੋੜਨਾ ਇੰਨਾ ਆਸਾਨ ਨਹੀਂ ਹੋਵੇਗਾ | ਇਸ ਬਾਰੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ 2024 ਵਿਚ ਹੋਈ ਗੜੇਮਾਰੀ ਕਾਰਨ ਨੁਕਸਾਨੀ ਫ਼ਸਲ ਦੇ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ ਤਾਂ ਹੁਣ ਇਹ ਵੀ ਲਾਰਿਆਂ ਦੀ ਸਰਕਾਰ ਨੇ ਕੁਝ ਨਹੀਂ ਦੇਣਾ | ਉਨ੍ਹਾਂ ਕਿਹਾ ਕਿ ਗੜੇਮਾਰੀ ਦਾ ਦਰਦ ਅੱਜ ਵੀ ਕਿਸਾਨਾਂ ਦੇ ਸੀਨਿਆਂ ਵਿਚ ਨਾਸੂਰ ਵਾਂਗੂ ਰਿਸ ਰਿਹਾ ਹੈ |