ਬਠਿੰਡਾ, 11 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇ ਸੱਦੇ 'ਤੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵਲੋਂ ਵਿਭਾਗ ਵਿਚ ਮਰਜ਼ ਕਰਨ ਦੇ ਫ਼ੈਸਲੇ ਨੂੰ ਲਾਗੂ ਕਰਵਾਉਣ ਲਈ ਸ਼ੁਰੂ ਕੀਤਾ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ¢ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਥਰਮਲ ਪਲਾਂਟ ਦੇ ਮੁੱਖ ਗੇਟ ਅੱਗੇ ਡਟੇ ਹੋਏ ਹਨ¢ ਤਾਲਮੇਲ ਕਮੇਟੀ ਦੇ ਸੂਬਾਈ ਆਗੂ ਗੁਰਵਿੰਦਰ ਸਿੰਘ ਪੰਨੂ, ਇਕਬਾਲ ਸਿੰਘ, ਕੁਲਦੀਪ ਸਿੰਘ ਰਾਮਵਰਨ, ਅਨਿਲ ਕੁਮਾਰ, ਗੁਰਜੀਤ ਸਿੰਘ, ਸ਼ਿਵਰਾਜ ਸਿੰਘ, ਦਰਵੇਸ਼ ਸਿੰਘ, ਗੋਰਾ ਸਿੰਘ ਅਤੇ ਕਰਮਜੀਤ ਸਿੰਘ ਨੇ ਕਿਹਾ ਕਿ ਹਜ਼ਾਰਾਂ ਆਊਟਸੋਰਸ਼ਡ ਮੁਲਾਜ਼ਮ ਲੰਬੇ ਸਮੇਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਸੇਵਾਵਾਂ ਨਿਭਾ ਰਹੇ ਹਨ ਅਤੇ ਵਿਭਾਗ ਵਿਚ ਪੱਕਾ ਕਰਨ ਦੀ ਮੰਗ ਕਰ ਰਹੇ ਹਨ¢ ਉਨ੍ਹਾਂ ਦੱਸਿਆ ਕਿ 24 ਮਈ ਨੂੰ ਖੰਨਾ ਵਿਖੇ ਬਿਜਲੀ ਮੰਤਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਜੂਨ ਮਹੀਨੇ ਦੌਰਾਨ ਮੁਲਾਜ਼ਮਾਂ ਨੂੰ ਵਿਭਾਗ ਵਿਚ ਮਰਜ਼ ਕਰਨ ਦਾ ਲਿਖਤੀ ਫ਼ੈਸਲਾ ਹੋਇਆ ਸੀ, ਪਰ ਮੈਨੇਜਮੈਂਟ ਹੁਣ ਇਸ ਤੋਂ ਪਿੱਛੇ ਹਟ ਰਹੀ ਹੈ¢ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਆਊਟਸੋਰਸ਼ਡ ਮੁਲਾਜ਼ਮਾਂ ਨੂੰ ਵਿਭਾਗ ਵਿਚ ਮਰਜ਼ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਅਤੇ ਧਰਨਾ ਲਗਾਤਾਰ ਜਾਰੀ ਰਹੇਗਾ¢ ਧਰਨੇ ਦੌਰਾਨ ਕਿਰਪਾਲ ਸਿੰਘ ਮੱਲ੍ਹੀ ਸਮੇਤ ਕਈ ਆਗੂ ਅਤੇ ਮੁਲਾਜ਼ਮ ਹਾਜ਼ਰ ਰਹੇ¢