ਬਠਿੰਡਾ, 11 ਜੂਨ (ਸੱਤਪਾਲ ਸਿੰਘ ਸਿਵੀਆਂ)-ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਦੇ ਐਕਸ ਇੰਪਲਾਈਜ਼ ਵਿੰਗ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਸਿੱਖਿਅਆ ਵਿੰਗ ਦੇ ਮਾਲਵਾ ਜੋਨ ਦੇ ਕੋਆਰਡੀਨੇਟਰ ਹਰਮੰਦਰ ਸਿੰਘ ਬਰਾੜ ਨੇ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਏ ਗਏ ਕੈਬਨਿਟ ਫੈਸਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਫੈਸਲੇ ਸੂਬੇ ਦੇ ਨੌਜਵਾਨਾਂ, ਖਿਡਾਰੀਆਂ, ਕਿਸਾਨਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਮੀਲ ਪੱਥਰ ਸਾਬਿਤ ਹੋਣਗੇ | ਬਰਾੜ ਨੇ ਕਿਹਾ ਕਿ ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ 20, 21 ਅਤੇ 22 ਜੂਨ ਨੂੰ ਪ੍ਰੀਖਿਆ ਦੌਰਾਨ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਨਾਲ ਹਜ਼ਾਰਾਂ ਵਿੱਦਿਆਰਥੀਅਾ ਨੂੰ ਰਾਹਤ ਮਿਲੇਗੀ | 1013 ਲੋਕਰੱਖਿਆ ਅਸਾਮੀਆਂ ਲਈ ਉਮੀਦਵਾਰਾਂ ਨੂੰ ਉਮਰ ਸੀਮਾ 'ਚ 5 ਸਾਲ ਦੀ ਛੋਟ ਦੇਣ ਨਾਲ ਬੇਰੁਜ਼ਗਾਰ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਹੋਣਗੇ | ਲੋਕ ਨਿਰਮਾਣ ਵਿਭਾਗ ਵਿਚ 156 ਜੂਨੀਅਰ ਇੰਜੀਨੀਅਰਾਂ ਦੀ ਭਰਤੀ ਨਾਲ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਹੋਵੇਗੀ | ਇਸ ਤੋਂ ਇਲਾਵਾ ਸੂਬੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਖੇਡ ਸਟੇਡੀਅਮਾਂ ਦੇ ਨਿਰਮਾਣ ਅਤੇ ਕਿਸੇ ਵੀ ਸ਼ਹਿਰ ਵਿਚ ਖੇਡ ਸਟੇਡੀਅਮ ਲਈ ਡੀ. ਸੀ. ਨੂੰ ਦਿੱਤੇ ਗਏ ਅਧਿਕਾਰਾਂ ਨੂੰ ਵੀ ਉਨ੍ਹਾਂ ਨੇ ਦੂਰਅੰਦੇਸ਼ੀ ਵਾਲਾ ਕਦਮ ਕਰਾਰ ਦਿੱਤਾ | ਹਰਮੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਕੈਬਨਿਟ ਦੇ ਇਹ ਫੈਸਲੇ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਹੋਰ ਗਤੀ ਦੇਣਗੇ ਅਤੇ ਪੰਜਾਬ ਤਰੱਕੀ ਦੇ ਨਵੇਂ ਰਾਹ 'ਤੇ ਅੱਗੇ ਵਧੇਗਾ |