ਬਠਿੰਡਾ, 25 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਨੀਟ ਪੇਪਰ ਲੀਕ ਮਾਮਲੇ ‘ਚ ਦਿੱਲੀ ਵਿਚ ਚੱਲ ਰਹੇ ਵਿਦਿਆਰਥੀ ਸੰਘਰਸ਼ ਦੀ ਜਿੱਤ ਦੀ ਖ਼ੁਸ਼ੀ ਵਿਚ ਆਮ ਆਦਮੀ ਪਾਰਟੀ (ਆਪ) ਵਲੋਂ ਬਠਿੰਡਾ ‘ਚ ਪੈਦਲ ਮਾਰਚ ਕੀਤਾ ਗਿਆ, ਜਿਸ ਦੌਰਾਨ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਜਾਬ ਸ਼ੂਗਰਫੈੱਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ, ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਗੋਪਾਲ ਸਿੰਘ ਕੋਟਫੱਤਾ, ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ, ਪੰਜਾਬ ਮਾਰਕਫੈੱਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਅਤੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਰਾਜ ਦੌਰਾਨ ਨੀਟ ਸਮੇਤ ਹੋਰ ਵੱਖ-ਵੱਖ ਤਰ੍ਹਾਂ ਦੇ ਸਭ ਤੋਂ ਵੱਧ ਪੇਪਰ ਲੀਕ ਹੋਏ ਹਨ, ਜਿਸ ਨੂੰ ਕਰੋੜਾਂ ਰੁਪਏ ‘ਚ ਵੇਚ ਕੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨਾਲ ਵੱਡਾ ਖਿਲਵਾੜ ਕੀਤਾ ਗਿਆ ਤੇ ਅੱਜ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵਲੋਂ ਦਿੱਤਾ ਗਿਆ ਅਸਤੀਫ਼ਾ ਸਾਬਤ ਕਰਦਾ ਹੈ ਕਿ ਪੇਪਰ ਲੀਕ ਮਾਮਲਿਆਂ ‘ਚ ਭਾਜਪਾ ਦੇ ਮੰਤਰੀਆਂ ਦਾ ਸਿੱਧਾ ਹੱਥ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਦਾ ਨੌਜਵਾਨ ਪੂਰੀ ਤਰ੍ਹਾਂ ਜਾਗ ਚੁੱਕਾ ਹੈ ਤੇ ਅੱਜ ਦੀ ਜਿੱਤ ਸਾਬਤ ਕਰਦੀ ਹੈ ਕਿ ਜਦੋਂ ਨੌਜਵਾਨ ਇਕੱਠੇ ਹੋ ਕੇ ਖੜਦੇ ਹਨ ਤਾਂ ਲੋਕਤੰਤਰ ਹੋਰ ਮਜ਼ਬੂਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਤਾਨਾਸ਼ਾਹ ਸਰਕਾਰ ਖ਼ਿਲਾਫ਼ ਉਠੀ ਲੋਕ ਆਵਾਜ਼ ਦਾ ਨਤੀਜਾ ਹੈ ਕਿ ਪੇਪਰ ਲੀਕ ਮਾਮਲੇ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਰਾਤ ਨੂੰ ਲਾਈਵ ਹੋ ਕੇ ਸ਼ਪੱਸ਼ਟੀਕਰਨ ਦੇਣ ਹੋਣਾ ਪਿਆ, ਇਹ ਨੌਜਵਾਨਾਂ ਦੀ ਵੱਡੀ ਜਿੱਤ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨੀਟ ਪੇਪਰ ਲੀਕ ਹੋਣ ਬਾਅਦ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਨਸਾਫ਼ ਦੇਣ ਲਈ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਜਵਾਨਾਂ ਨੂੰ ਲਾਠੀਚਾਰਜ ਨਾਲ ਗੰਭੀਰ ਰੂਪ ‘ਚ ਜ਼ਖ਼ਮੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਡਾਇਰੈਕਟਰ ਰਾਜਨ ਅਮਰਦੀਪ ਸਿੰਘ, ਸਾਬਕਾ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਸਿੱਖਿਆ ਕੋਆਰਡੀਨੇਟਰ ਹਰਮੰਦਰ ਸਿੰਘ ਬਰਾੜ, ਜ਼ਿਲ੍ਹਾ ਯੂਥ ਪ੍ਰਧਾਨ ਐਡਵੋਕੇਟ ਰਮਨ ਸਿੱਧੂ, ਸਰਪੰਚ ਸੁਖਜਿੰਦਰ ਸਿੰਘ ਰੋਮਾਣਾ, ਬਲਦੇਵ ਸਿੰਘ ਪੀ.ਆਈ.ਐਸ. ਸਮੇਤ ਵੱਡੀ ਗਿਣਤੀ ਵਿਚ ਆਪ ਆਗੂ ਤੇ ਵਰਕਰ ਮੌਜੂਦ ਸਨ।
ਆਮ ਆਦਮੀ ਪਾਰਟੀ ਵਲੋਂ ਦਿੱਲੀ ਵਿਦਿਆਰਥੀ ਸੰਘਰਸ਼ ਦੀ ਜਿੱਤ ਦੀ ਖ਼ੁਸ਼ੀ ਵਿਚ ਪੈਦਲ ਮਾਰਚ
ਅਜੀਤ ਡੈਸਕ
26-07-2026