ਤਲਵੰਡੀ ਸਾਬੋ, 30 ਅਪ੍ਰੈਲ (ਰਵਜੋਤ ਸਿੰਘ ਰਾਹੀ) ਯੂਨੀਵਰਸਿਟੀ ਆਫ਼ ਕੋਟਾ (ਰਾਜਸਥਾਨ) ਦੇ ਮੇਜਰ ਦਯਾਨੰਦ ਸਪੋਰਟਸ ਕੰਪਲੈਕਸ ਵਿਚ ਡਾ: ਵਿਜੇ ਸਿੰਘ ਡਾਇਰੈਕਟਰ ਸਪੋਰਟਸ, ਆਰਗਨਾਈਜ਼ਿੰਗ ਸਕੱਤਰ ਅਤੇ ਬਲਜਿੰਦਰ ਸਿੰਘ ਤੂਰ ਜਰਨਲ ਸਕੱਤਰ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੀ ਦੇਖ-ਰੇਖ ਹੇਠ ਕਰਵਾਈ ਗਈ ਆਲ ਇੰਡੀਆ ਇੰਟਰ ਯੂਨੀਵਰਸਟੀ ਗੱਤਕਾ ਚੈਂਪੀਅਨਸ਼ਿਪ 'ਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਡਲ ਜਿੱਤੇ ਹਨ | ਕਾਲਜ ਪ੍ਰਬੰਧਕਾਂ ਦੱਸਿਆ ਕਿ 21 ਤੋਂ 26 ਅਪ੍ਰੈਲ ਤੱਕ ਕਰਵਾਈ ਗਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ 'ਚ ਦੇਸ਼ ਭਰ ਦੀਆਂ ਕੁੱਲ 34 ਯੂਨੀਵਰਸਿਟੀਆਂ ਨੇ ਭਾਗ ਲਿਆ ਸੀ ਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੀਆਂ 5 ਗੱਤਕਾ ਖਿਡਾਰਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨੁਮਾਇੰਦਗੀ ਕਰਦੇ ਹੋਏ ਮੈਡਲ ਹਾਸਿਲ ਕੀਤੇ | ਨਤੀਜੇ ਅਨੁਸਾਰ ਫਰੀ ਸੋਟੀ ਵਿਅਕਤੀਗਤ ਦੇ ਵਿਚ ਖਿਡਾਰਨ ਜਸ਼ਨਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਅਮਨਦੀਪ ਕੌਰ ਤੇ ਖੁਸ਼ਪ੍ਰੀਤ ਕੌਰ ਫੁੱਲ ਸਟਰਾਈਕ ਫ਼ਰੀ ਸੋਟੀ ਟੀਮ ਈਵੈਂਟ ਵਿਚ ਤੀਜਾ ਸਥਾਨ ਕੀਤਾ | ਆਲ ਇੰਡੀਆ ਯੂਨੀਵਰਸਿਟੀ ਟੂਰਨਾਮੈਂਟ ਵਿਚ ਗੱਤਕਾ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਪੰਜਾਬੀ ਯੂਨੀਵਰਸਟੀ ਪਟਿਆਲਾ ਨੇ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ | ਇਸ ਪ੍ਰਾਪਤੀ 'ਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਪਿ੍ੰਸੀਪਲ ਡਾ: ਨਰਿੰਦਰ ਸਿੰਘ ਨੇ ਗੱਤਕਾ ਟੀਮ ਦੀਆਂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਜਿੱਥੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਉਥੇ ਹੀ ਖਿਡਾਰਨਾਂ ਦੇ ਮਾਪਿਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਨ੍ਹਾਂ ਖਿਡਾਰਨਾਂ ਨੂੰ ਗੱਤਕਾ ਖੇਡ ਲਈ ਪ੍ਰੇਰਿਤ ਕੀਤਾ ਤੇ ਸੰਸਥਾ ਦਾ ਸਹਿਯੋਗ ਦਿੱਤਾ | ਪਿ੍ੰਸੀਪਲ ਡਾ.ਨਰਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਜੱਜਲ ਇੰਚਾਰਜ ਗੱਤਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਜਿੰਦਰ ਸਿੰਘ ਗੱਤਕਾ ਕੋਚ , ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ.ਹਰਜਿੰਦਰ ਕੌਰ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ | ਪਿ੍ੰਸੀਪਲ ਡਾ: ਨਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਦੀਆਂ ਹਨ ਅਤੇ ਕਾਲਜ ਦਾ ਨਾਮ ਦੇਸ਼ ਪੱਧਰ 'ਤੇ ਚਮਕਦਾ ਹੈ | ਇਸ ਮੌਕੇ ਰਜਿੰਦਰ ਸਿੰਘ ਤੇ ਪਰਮਿੰਦਰ ਸਿੰਘ ਨੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ |