ਰਾਮਾਂ ਮੰਡੀ, 30 ਅਪ੍ਰੈਲ (ਤਰਸੇਮ ਸਿੰਗਲਾ)-ਸੇਂਟ ਜੇਵੀਅਰਜ਼ ਕਾੱਨਵੇਂਟ ਸਕੂਲ ਪਿੰਡ ਜੱਜਲ ਵਿਖੇ ਕੌਮੀ ਮਜ਼ਦੂਰ ਦਿਵਸ ਦੇ ਸਬੰਧ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਨ ਕੀਤਾ ਗਿਆ | ਜਿਸ ਦਾ ਮੁੱਖ ਉਦੇਸ਼ ਮਜ਼ਦੂਰ ਵਰਗ ਦੀ ਮਹੱਤਤਾ ਅਤੇ ਉਨ੍ਹਾਂ ਦੀ ਮਿਹਨਤ ਪ੍ਰਤੀ ਸਤਿਕਾਰ ਪ੍ਰਗਟ ਕਰਨਾ ਸੀ | ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਵਲੋਂ ਮਜ਼ਦੂਰ ਦਿਵਸ ਨਾਲ ਸਬੰਧਿਤ ਪ੍ਰੇਰਣਾਦਾਇਕ ਭਾਸ਼ਣ ਰਾਹੀਂ ਮਜ਼ਦੂਰਾਂ ਦੀ ਮਿਹਨਤ ਦੀ ਮਹੱਤਤਾ ਅਤੇ ਸਮਾਜ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਸਕੂਲ ਦੀ ਪਿ੍ੰਸੀਪਲ ਸੁਧਾਬਾਨੀ ਚੌਧਰੀ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਮਿਹਨਤ ਦੀ ਕਦਰ ਕਰਨ, ਹਰ ਵਰਗ ਦੇ ਲੋਕਾਂ ਦਾ ਆਦਰ ਕਰਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਤੇ ਸਕੂਲ ਵਲੋਂ ਸਕੂਲ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮਜ਼ਦੂਰ ਦਿਵਸ ਵਧਾਈ ਦਿੰਦੇ ਹੋਏ ਅਤੇ ਉਨ੍ਹਾਂ ਦਾ ਸਨਮਾਨ ਵਜੋਂ ਤੋਹਫ਼ੇ ਵੰਡੇ ਗਏ | ਇਸ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਵਲੋਂ ਵੀ ਆਪਣਾ ਮਹੱਤਵਪੂਰਨ ਸੰਦੇਸ਼ ਵਿਚ ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਯੋਗ ਸਨਮਾਨ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ | ਪ੍ਰਬੰਧਕਾਂ ਨੇ ਕਿਹਾ ਕਿ ਸਮਾਜ ਦੀ ਤਰੱਕੀ ਵਿਚ ਮਜ਼ਦੂਰ ਵਰਗ ਦੀ ਭੂਮਿਕਾ ਅਟੁੱਟ ਹੈ ਅਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਮਿਹਨਤ ਦੀ ਕਦਰ ਕਰਨੀ ਚਾਹੀਦੀ ਹੈ | ਇਸ ਮੌਕੇ ਸਕੂਲ ਵਿਚ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਵਿਦਿਆਰਥੀਆਂ ਵਲੋਂ ਮਜ਼ਦੂਰਾਂ ਦੇ ਜੀਵਨ ਨੂੰ ਦਰਸਾਉਂਦਾ ਨਾਟਕ ਅਤੇ ਸਕਿੱਟ ਪੇਸ਼ ਕੀਤਾ ਗਿਆ, ਜਿਸ ਦੀ ਦਰਸ਼ਕਾਂ ਨੇ ਸ਼ਲਾਘਾ ਕੀਤੀ | ਇਸ ਦੇ ਨਾਲ ਹੀ ਬੱਚਿਆਂ ਵਲੋਂ ਡਾਂਸ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸਦੇ ਨਾਲ ਹੀ ਹੋਰ ਵੀ ਕਈ ਗਤੀਵਿਧੀਆਂ ਜਿਵੇਂ ਕਵਿਤਾ ਪਾਠ, ਸਮੂਹ ਚਰਚਾਵਾਂ ਆਦਿ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਤਰ੍ਹਾਂ ਦੇ ਪ੍ਰੋਗਰਾਮ ਸਮਾਜ ਵਿਚ ਮਜ਼ਦੂਰ ਵਰਗ ਪ੍ਰਤੀ ਸਨਮਾਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਪ੍ਰੋਗਰਾਮ ਅੰਤ ਵਿਚ ਸਕੂਲ ਪ੍ਰਬੰਧਕਾਂ ਨੇ ਸਾਰੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਮਾਜਕ ਜਾਗਰੂਕਤਾ ਵਾਲੇ ਪ੍ਰੋਗਰਾਮ ਕਰਵਾਉਣ ਦਾ ਸੰਕਲਪ ਲਿਆ ਗਿਆ |