ਚਾਉਕੇ, 30 ਅਪ੍ਰੈਲ (ਮਨਜੀਤ ਸਿੰਘ ਘੜੈਲੀ)-ਤਰਨਜੋਤ ਵੈੱਲਫ਼ੇਅਰ ਸੁਸਾਇਟੀ ਬੱਲ੍ਹੋ ਦੇ ਸਰਪ੍ਰਸਤ ਅਤੇ ਉੱਘੇ ਕਾਰੋਬਾਰੀ ਗੁਰਮੀਤ ਸਿੰਘ ਮਾਨ ਨੇ ਪਿੰਡ ਦੇ ਥਾਪਰ ਮਾਡਲ ਛੱਪੜ ਦੇ ਚੱਲ ਰਹੇ ਲਾਈਨਿੰਗ ਕਾਰਜਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਉਨ੍ਹਾਂ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਪਰਖਿਆ ਅਤੇ ਇਸ ਨੂੰ ਪਿੰਡ ਦੀ ਨੁਹਾਰ ਬਦਲਣ ਵਾਲਾ ਅਹਿਮ ਪ੍ਰੋਜੈਕਟ ਦੱਸਿਆ | ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਦਾ ਪੱਕਾ ਹੱਲ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ, ਤਾਂ ਜੋ ਪੇਡੂ ਖੇਤਰ ਨੂੰ ਪ੍ਰਦੂਸ਼ਣ ਮੁਕਤ ਅਤੇ ਸਾਫ਼ ਸੁਥਰਾ ਬਣਾਇਆ ਜਾ ਸਕੇ | ਪੰਜਾਬ ਸਰਕਾਰ ਦੇ ਉੱਦਮ ਸਦਕਾ ਪਿੰਡ ਦੇ ਛੱਪੜਾਂ ਦੀ ਕਾਇਆ ਕਲਪ ਹੋ ਰਹੀ ਹੈ | ਗੁਰਮੀਤ ਸਿੰਘ ਮਾਨ ਨੇ ਪੰਚਾਇਤ ਦੇ ਕੰਮਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਥਾਪਰ ਮਾਡਲ ਤਕਨੀਕ ਨਾਲ ਛੱਪੜ ਦਾ ਪਾਣੀ ਸਾਫ਼ ਹੋ ਕੇ ਕਿਸਾਨਾਂ ਦੇ ਖੇਤਾਂ ਨੂੰ ਸਿੰਚਾਈ ਲਈ ਵਰਤਿਆ ਜਾ ਸਕੇਗਾ ਅਤੇ ਗੰਦੀ ਬਦਬੂ ਤੋਂ ਲੋਕਾਂ ਨੰੂ ਛੁਟਕਾਰਾ ਮਿਲੇਗਾ ਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਘਟੇਗਾ | ਸਰਪੰਚ ਅਮਰਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਵਲੋਂ ਵਿਕਾਸ ਕਾਰਜਾਂ ਦੇ ਕੰਮਾਂ 'ਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਸਦਕਾ ਪਿੰਡ ਦੇ ਥਾਪਰ ਮਾਡਲ ਛੱਪੜ ਦੇ ਨਿਰਮਾਣ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਛੱਪੜ ਦੇ ਚਾਰੇ ਪਾਸੇ ਇੰਟਰਲੋਕਿੰਗ ਟਾਈਲਾਂ ਲਗਾਕੇ ਇਕ ਆਧੁਨਿਕ ਸੈਰਗਾਹ ਬਣਾਈ ਜਾ ਰਹੀ ਹੈ, ਜੋ ਪਿੰਡ ਦੇ ਲੋਕਾਂ ਲਈ ਮਨੋਰੰਜਨ ਦਾ ਸਾਧਨ ਹੋਵੇਗਾ | ਇਸ ਮੌਕੇ ਸੰਸਥਾ ਪ੍ਰਧਾਨ ਕਰਮਜੀਤ ਸਿੰਘ, ਸਰਪੰਚ ਅਮਰਜੀਤ ਕੌਰ, ਭੁਪਿੰਦਰ ਸਿੰਘ ਜਟਾਣਾ, ਪਰਮਜੀਤ ਸਿੰਘ ਭੁੱਲਰ, ਕਰਮਜੀਤ ਸਿੰਘ ਪੰਚ ਅਤੇ ਰੇਸ਼ਮ ਸਿੰਘ ਹਾਜ਼ਰ ਸਨ |