ਸਮਰਾਲਾ, 29 ਅਪ੍ਰੈਲ (ਗੋਪਾਲ ਸੋਫਤ)-ਪੰਜਾਬ ਸਰਕਾਰ ਵਲੋਂ ਸੂਬੇ ਵਿਚ ਤੁਰੰਤ ਊਰਜਾ ਤੇ ਚੁਸਤੀ ਲਿਆਉਣ ਵਾਲੇ ਐਨਰਜੀ ਡਰਿੰਕਸ ਦੇ ਆਦੀ ਹੋਣ ਅਤੇ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਚਾਉਣ ਲਈ ਸਕੂਲਾਂ ਦੇ ਨੇੜੇ ਸਮਰਾਲਾ ਇਲਾਕੇ ਵਿਚ ਅਜਿਹੇ ਐਨਰਜੀ ਡਰਿੰਕ ਵੇਚਣ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ | ਸਰਕਾਰ ਵਲੋਂ ਭੇਜੀਆਂ ਹਦਾਇਤਾਂ ਅਤੇ ਬਣਾਏ ਰੂਲਜ਼ ਅਨੁਸਾਰ ਸ਼ਹਿਰਾਂ ਵਿਚ ਸਥਿਤ ਸਕੂਲਾਂ ਦੇ 50 ਮੀਟਰ ਦੇ ਦਾਇਰੇ ਅਤੇ ਪਿੰਡਾਂ ਦੇ ਸਕੂਲਾਂ ਦੇ 100 ਮੀਟਰ ਦੇ ਦਾਇਰੇ ਵਿਚ ਹਰ ਤਰਾਂ ਦੇ ਐਨਰਜੀ ਡਰਿੰਕਸ ਵੇਚਣ 'ਤੇ ਪਾਬੰਦੀ ਹੈ | ਇਸ ਸਬੰਧੀ ਸਥਾਨਕ ਐੱਸ. ਐੱਮ. ਓ. ਡਾ. ਸਾਰਿਕਾ ਨੇ ਦੱਸਿਆ ਆਏ ਨਵੇਂ ਰੂਲਜ਼ ਅਨੁਸਾਰ ਉਨ੍ਹਾਂ ਨੇ ਸਕੂਲ ਦੇ ਨੌਜਵਾਨ ਤੇ ਬੱਚਿਆਂ ਨੂੰ ਇਨ੍ਹਾਂ ਡਰਿੰਕਸ ਤੋਂ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇਨ੍ਹਾਂ ਡਰਿੰਕਸ ਦੇ ਵਿਚ ਕੈਫ਼ੀਨ ਤੇ ਸ਼ੂਗਰ ਲੈਵਲ ਜ਼ਿਆਦਾ ਹੁੰਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਬੱਚੇ ਇਹ ਡਰਿੰਕ ਲੈ ਲੈਂਦੇ ਹਨ ਤਾਂ ਉਨ੍ਹਾਂ ਨੂੰ ਭੁੱਖ ਘੱਟ ਲੱਗਦੀ ਹੈ, ਨੀਂਦ ਵੀ ਘੱਟ ਆਉਂਦੀ ਹੈ ਅਤੇ ਉਹ ਥਕਾਵਟ ਮਹਿਸੂਸ ਕਰਦੇ ਹਨ | ਇਸ ਲਈ ਇਨ੍ਹਾਂ ਨਾਲੋਂ ਅੱਜ ਕੱਲ੍ਹ ਚੱਲ ਰਹੀ ਗਰਮੀ ਦੇ ਮੌਸਮ ਵਿਚ ਨਿੰਬੂ ਪਾਣੀ ਜਾਂ ਓ. ਆਰ. ਐੱਸ. ਪੀਣ ਨਾਲ ਸਰੀਰ ਦੇ ਸਾਰੇ ਤੱਤ ਪੂਰੇ ਕੀਤੇ ਜਾ ਸਕਦੇ ਨੇ | ਡਾ. ਸਾਰਿਕਾ ਨੇ ਦੱਸਿਆ ਕਿ ਸਮਰਾਲਾ ਵਿਚ ਉਨ੍ਹਾਂ ਨੇ ਚੈਕਿੰਗ ਸ਼ੁਰੂ ਕਰ ਦਿੱਤੀ ਅਤੇ ਭਵਿੱਖ ਵਿਚ ਇਸ 'ਤੇ ਸਖ਼ਤ ਨਜ਼ਰ ਰੱਖੀ ਜਾਵੇਗੀ |