08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸਫ਼ਾਈ ਸੇਵਕਾਂ ਨੇ ਬਰਨਾਲਾ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਦਾ ਫੂਕਿਆ ਪੁਤਲਾ

ਅਜੀਤ ਡੈਸਕ 28-07-2026
ਮਾਛੀਵਾੜਾ ਸਾਹਿਬ, 27 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਲੰਘੀ 22 ਜੁਲਾਈ ਨੂੰ ਬਰਨਾਲਾ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ‘ਤੇ ਲਾਠੀਚਾਰਜ ਕਰਨ ਦੇ ਰੋਸ ਵਜੋਂ ਮਾਛੀਵਾੜਾ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋਇਆ ਅਤੇ ਸਫ਼ਾਈ ਕਰਮੀ ਲਾਠੀਚਾਰਜ ਕਰਨ ਵਾਲੇ ਪੁਲਸ ਅਧਿਕਾਰੀਆਂ ਖ਼ਿਲਾਫ਼ ਖ਼ਾਲਸਾ ਚੌਂਕ ਵਿਖੇ ਪਹੁੰਚੇ। ਰੋਸ ਮਾਰਚ ਦੌਰਾਨ ਸਫ਼ਾਈ ਸੇਵਕਾਂ ਵਲੋਂ ਜੋ ਬਾਜ਼ਾਰ ਖੁੱਲ੍ਹੇ ਸਨ ਉਹ ਬੰਦ ਕਰਵਾਏ ਗਏ ਅਤੇ ਫਿਰ ਖ਼ਾਲਸਾ ਚੌਂਕ ਵਿਖੇ ਪਹੁੰਚ ਕੇ ਲਾਠੀਚਾਰਜ ਕਰਨ ਵਾਲੇ ਪੁਲਸ ਅਧਿਕਾਰੀਆਂ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਫ਼ਾਈ ਸੇਵਕ ਦੇਵਕੀ ਨੰਦਨ ਮੱਟੂ ਨੇ ਕਿਹਾ ਕਿ ਬਰਨਾਲਾ ਵਿਖੇ ਜਿਨ੍ਹਾਂ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਦੇ ਸਾਥੀਆਂ ‘ਤੇ ਲਾਠੀਚਾਰਜ ਕੀਤਾ ਹੈ ਉਹ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੁਲਸ ਅਧਿਕਾਰੀਆਂ ਨੂੰ ਕੇਵਲ ਮੁਅੱਤਲ ਕੀਤਾ ਹੈ ਅਤੇ ਉਹ ਮੰਗ ਕਰਦੇ ਹਨ ਕਿ ਇਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ। ਰੋਸ ਪ੍ਰਦਰਸ਼ਨ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਨੇ ਕਿਹਾ ਕਿ ਸਾਡੇ ਸਾਥੀ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ ਪਰ ਪੁਲਸ ਨੇ ਉਨ੍ਹਾਂ ‘ਤੇ ਲਾਠੀਆਂ ਵਰਸਾ ਕੇ ਜ਼ਬਰ ਤੇ ਜ਼ੁਲਮ ਦੀਆਂ ਹੱਦਾਂ ਪਾਰ ਕੀਤੀਆਂ। ਸਫ਼ਾਈ ਸੇਵਕਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਵੀ ਸਾਥੀਆਂ ਦਾ ਸਾਥ ਦਿੰਦੇ ਹੋਏ ਹੜਤਾਲ ਕਰਨਗੇ। ਦੂਜੇ ਪਾਸੇ ਜਿੱਥੇ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਪੁਲਸ ਅਧਿਕਾਰੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ ਉੱਥੇ ਮਾਛੀਵਾੜਾ ਥਾਣਾ ਦੇ ਮੁਖੀ ਸਬ-ਇੰਸਪੈਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਜੋ ਕਿ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਪੁਲਸ ਅਮਨ, ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਮੌਕੇ ‘ਤੇ ਤਾਇਨਾਤ ਰਹੀ ਪਰ ਜਦੋਂ ਉਨ੍ਹਾਂ ਦੇਖਿਆ ਕਿ ਹੁੰਮਸ ਭਰੀ ਗਰਮੀ ਵਿਚ ਸਫ਼ਾਈ ਕਰਮਚਾਰੀ ਪਸੀਨੇ ਨਾਲ ਬੇਹਾਲ ਹੋ ਰਹੇ ਹਨ ਤਾਂ ਉਨ੍ਹਾਂ ਇਨਸਾਨੀਅਤ ਦਿਖਾਉਂਦੇ ਹੋਏ ਇਨ੍ਹਾਂ ਸਫ਼ਾਈ ਸੇਵਕਾਂ ਨੂੰ ਆਪਣੇ ਹੱਥਾਂ ਨਾਲ ਪਾਣੀ ਤੇ ਕੋਲਡ੍ਰਿੰਕ ਪਿਲਾਇਆ।
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਜਗੇੜਾ ਦੀ ਵਾਲੀਬਾਲ ਟੂਰਨਾਮੈਂਟ ਵਿਚ ਲਗਾਤਾਰ ਪੰਜਵੇਂ ਸਾਲ ਵਿੱਚ ਵੀ ਚੜ੍ਹਤ ਬਰਕਰਾਰx ਅਗਲੀ ਖ਼ਬਰ ਸਤਲੁਜ ਪੁਲ ਤੋਂ ਸਮਰਾਲਾ ਮਾਰਗ ਲੱਗੀ ਟੁੱਟਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।