ਬਰਨਾਲਾ, 30 ਅਪ੍ਰੈਲ (ਨਰਿੰਦਰ ਅਰੋੜਾ)-ਕੁਝ ਮਹੀਨੇ ਪਹਿਲਾਂ 25 ਏਕੜ ਬਰਨਾਲਾ ਝੁੱਗੀ ਝੌਂਪੜੀਆਂ ਵਾਲੀ ਜਗ੍ਹਾ ਵਿਖੇ ਨਾਜਾਇਜ਼ ਤੌਰ 'ਤੇ ਰੁੱਖ ਕੱਟਣ ਦਾ ਮਾਮਲਾ ਸਾਹਮਣੇ ਆਇਆ ਸੀ | ਜਿਸ ਸਬੰਧੀ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਵਲੋਂ ਨੈਸ਼ਨਲ ਗਰੀਨ ਟਿ੍ਬਿਊਨਲ (ਐਨ.ਜੀ.ਟੀ), ਦਿੱਲੀ ਵਿਖੇ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ | ਐਨ.ਜੀ.ਟੀ. ਵਲੋਂ ਇਸ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ, ਜੋ ਅੱਜ ਬਰਨਾਲਾ ਦੇ 25 ਏਕੜ ਵਿਖੇ ਜਾਂਚ ਲਈ ਪਹੁੰਚੀ | ਟੀਮ ਨੇ ਘਟਨਾ ਸਥਾਨ ਦੀ ਜਾਂਚ ਕੀਤੀ ਅਤੇ ਜਿੱਥੇ ਰੁੱਖ ਕੱਟੇ ਗਏ ਸਨ ਉੱਥੋਂ ਦੇ ਮੁੱਢਾਂ ਦਾ ਮਾਪ ਲਿਆ | ਨਾਲ ਹੀ ਰੁੱਖਾਂ ਦੀ ਕਿਸਮ ਅਤੇ ਆਕਾਰ ਵੀ ਨੋਟ ਕੀਤਾ ਗਿਆ | ਪਟੀਸ਼ਨਰ ਗੁਰਪ੍ਰੀਤ ਸਿੰਘ ਕਾਹਨੇਕੇ ਵਲੋਂ ਆਈ ਹੋਈ ਟੀਮ ਨੂੰ ਰੁੱਖਾਂ ਦੀਆਂ ਫ਼ੋਟੋਆਂ ਅਤੇ ਵੀਡੀਓ ਵੀ ਦਿਖਾਈਆਂ ਗਈਆਂ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਂਚ ਅਧਿਕਾਰੀ ਕੌਸ਼ਲ ਕਿਸ਼ੋਰ ਨੇ ਦੱਸਿਆ ਕਿ ਜੋ ਵੀ ਐਨ.ਜੀ.ਟੀ. ਵਲੋਂ ਟੀਮ ਗਠਿਤ ਕੀਤੀ ਗਈ ਸੀ | ਅੱਜ ਜਾਂਚ ਲਈ ਬਰਨਾਲਾ ਪਹੁੰਚੀ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਰਿਪੋਰਟ ਤਿਆਰ ਕੀਤੀ ਜਾਵੇਗੀ, ਜੋ ਤੁਹਾਡੇ ਸਾਹਮਣੇ ਆ ਜਾਵੇਗੀ | ਪਟੀਸ਼ਨਰ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਟੀਮ ਨੂੰ 150 ਰੁੱਖਾਂ ਦੇ ਮੁੱਢ ਦਿਖਾਏ ਹਨ, ਜਦਕਿ ਉਨ੍ਹਾਂ ਵਲੋਂ ਪਟੀਸ਼ਨ ਵਿਚ 140 ਰੁੱਖਾਂ ਦੀ ਨਾਜਾਇਜ਼ ਕਟਾਈ ਦਾ ਜ਼ਿਕਰ ਕੀਤਾ ਗਿਆ ਸੀ | ਅੱਜ ਦੀ ਇਸ ਟੀਮ ਵਿਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ, ਫੋਰੈਸਟ ਵਿਭਾਗ ਚੰਡੀਗੜ੍ਹ ਦੇ ਅਧਿਕਾਰੀ, ਡੀ.ਐਫ.ਓ ਸੰਗਰੂਰ ਅਤੇ ਹੋਰ ਸਬੰਧਿਤ ਅਧਿਕਾਰੀ ਸ਼ਾਮਿਲ ਸਨ | ਜਾਂਚ ਵਾਲੀ ਜਗ੍ਹਾ 'ਤੇ ਝੁੱਗੀ-ਝੌਂਪੜੀ ਨਿਵਾਸੀ ਵੀ ਪਹੁੰਚੇ ਜਿਨ੍ਹਾਂ ਨੇ ਦੋਸ਼ ਲਾਇਆ ਕਿ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਵਲੋਂ ਹੀ ਰੁੱਖਾਂ ਦੀ ਕਟਾਈ ਕਰਵਾਈ ਗਈ ਹੈ | ਝੁੱਗੀ ਵਾਸੀਆਂ ਮੁਤਾਬਕ ਉਨ੍ਹਾਂ ਦੀਆਂ ਝੁੱਗੀਆਂ ਉਜਾੜ ਦਿੱਤੀਆਂ ਗਈਆਂ ਅਤੇ ਕਈ ਸਾਲ ਪੁਰਾਣੇ ਪਾਲੇ ਹੋਏ ਰੁੱਖ ਵੀ ਕੱਟ ਦਿੱਤੇ ਗਏ | ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਐਕਸੀਅਨ ਨਗਰ ਸੁਧਾਰ ਟਰੱਸਟ, ਆਗੂ ਤਰਨਜੀਤ ਸਿੰਘ ਦੁੱਗਲ, ਕਾਮਰੇਡ ਖੁਸ਼ੀਆ ਸਿੰਘ ਤੋਂ ਇਲਾਵਾ ਹੋਰ ਵਾਤਾਵਰਣ ਪ੍ਰੇਮੀ ਵੀ ਹਾਜ਼ਰ ਸਨ |