03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਜੀ.ਹੋਲੀ ਹਾਰਟ ਪਬਲਿਕ ਸਕੂਲ ’ਚ ਵਿਸ਼ਾਲ ਮੈਗਾ ਮੈਡੀਕਲ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 19-07-2026
ਮਹਿਲ ਕਲਾਂ, 18 ਜੁਲਾਈ (ਅਵਤਾਰ ਸਿੰਘ ਅਣਖੀ)-ਜੀ.ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਵਿਸ਼ਾਲ ਮੈਗਾ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਗੋਇਲ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ’ਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸੰਸਥਾ ਦੇ ਸਮੂਹ ਡਰਾਈਵਰਾਂ ਦੀਆਂ ਅੱਖਾਂ ਅਤੇ ਦੰਦਾਂ ਦੀ ਮੁਫ਼ਤ ਜਾਂਚ ਕਰ ਕੇ ਸਿਹਤ ਸਬੰਧੀ ਲੋੜੀਂਦੀ ਸਲਾਹ ਵੀ ਦਿੱਤੀ ਗਈ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਦਾ ਉਦੇਸ਼ ਸਿਰਫ਼ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਹੀ ਨਹੀਂ, ਸਗੋਂ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਵੀ ਯਕੀਨੀ ਬਣਾਉਣਾ ਹੈ। ਇਸੇ ਸੋਚ ਤਹਿਤ ਸਮੇਂ-ਸਮੇਂ ’ਤੇ ਸਿਹਤ ਜਾਂਚ ਕੈਂਪ ਅਤੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ, ਤਾਂ ਜੋ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਿਹਤਮੰਦ ਮਾਹੌਲ ਸਿਰਜਿਆ ਜਾ ਸਕੇ। ਕੈਂਪ ਦੌਰਾਨ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ: ਰੁਪੇਸ਼ ਸਿੰਗਲਾ ਦੀ ਅਗਵਾਈ ਹੇਠ ਸਹਿਯੋਗੀ ਟੀਮ ਨੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸੇ ਤਰ੍ਹਾਂ ਦੰਦਾਂ ਦੀ ਮਾਹਿਰ ਡਾ: ਨੇਹਾ ਚੱਢਾ (ਐੱਮ.ਡੀ.ਐੱਸ.) ਅਤੇ ਉਨ੍ਹਾਂ ਦੀ ਟੀਮ ਨੇ ਦੰਦਾਂ ਦੀ ਜਾਂਚ ਕਰਦਿਆਂ ਮੂੰਹ ਅਤੇ ਦੰਦਾਂ ਦੀ ਸਫ਼ਾਈ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾਕਟਰਾਂ ਨੇ ਵਿਦਿਆਰਥੀਆਂ ਨੂੰ ਅੱਖਾਂ ਦੀ ਸੁਰੱਖਿਆ, ਸੰਤੁਲਿਤ ਖ਼ੁਰਾਕ, ਨਿਯਮਤ ਕਸਰਤ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਿਯਮਤ ਸਿਹਤ ਜਾਂਚ ਨਾਲ ਕਈ ਗੰਭੀਰ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਸੰਭਵ ਹੋ ਸਕਦੀ ਹੈ। ਮੈਗਾ ਮੈਡੀਕਲ ਕੈਂਪ ਨੂੰ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਸਟਾਫ਼ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਮਾਪਿਆਂ ਨੇ ਸਕੂਲ ਦੇ ਇਸ ਸਮਾਜਿਕ ਅਤੇ ਲੋਕ-ਭਲਾਈ ਉਪਰਾਲੇ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਦੀ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸ੍ਰੀ ਅਜੈ ਜਿੰਦਲ, ਡਾਇਰੈਕਟਰ ਸ੍ਰੀ ਨਿਤਿਨ ਜਿੰਦਲ, ਐਗਜ਼ੀਕਿਊਟਿਵ ਡਾਇਰੈਕਟਰ ਰਾਕੇਸ਼ ਬਾਂਸਲ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪ੍ਰਦੀਪ ਕੌਰ ਗਰੇਵਾਲ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੀ. ਹੋਲੀ ਹਾਰਟ ਪਬਲਿਕ ਸਕੂਲ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਿਹਤ, ਸੁਰੱਖਿਆ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਹਮੇਸ਼ਾ ਵਚਨਬੱਧ ਰਹੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਲੋਕ-ਭਲਾਈ ਪ੍ਰੋਗਰਾਮ ਲਗਾਤਾਰ ਜਾਰੀ ਰਹਿਣਗੇ।
ਪਿਛਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ਕੌਮਾਂਤਰੀ ਨੈਲਸਨ ਮੰਡੇਲਾ ਦਿਵਸ ਮਨਾਇਆ ਅਗਲੀ ਖ਼ਬਰ ਬੀਬੜੀਆਂ ਮਾਈਆਂ ਮੰਦਰ ਨੂੰ ਛੇਤੀ ਕੀਤਾ ਜਾਵੇਗਾ ਏਅਰ ਕੰਡੀਸ਼ਨ-ਅਮਰੀਕ ਸਿੰਘ ਬੀਕਾ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।