ਤਪਾ ਮੰਡੀ, 27 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬਿਜਲੀ ਵਿਭਾਗ ਦੇ ਕਰਮਚਾਰੀ ਜਿੱਥੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਚੱਲ ਰਹੇ ਹਨ, ਉੱਥੇ ਦੂਜੇ ਪਾਸੇ ਇਸ ਦਾ ਖ਼ਮਿਆਜ਼ਾ ਸ਼ਹਿਰ ਵਾਸੀਆਂ ਨੂੰ ਭੋਗਣਾ ਪੈ ਰਿਹਾ ਹੈ। ਬੀਤੀ ਰਾਤ ਤਪਾ ਗਰਿੱਡ ’ਚ ਕੋਈ ਨੁਕਸ ਪੈਣ ’ਤੇ ਵਿਭਾਗ ਵਲੋਂ ਕੋਈ ਹੱਲ ਨਾ ਹੁੰਦਾ ਦੇਖ ਰੋਹ ’ਚ ਆਏ ਸ਼ਹਿਰ ਵਾਸੀਆਂ ਨੇ ਸੂਬਾ ਸਰਕਾਰਾਂ ਤੇ ਵਿਭਾਗ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਠੇ ਹੋਏ ਸ਼ਹਿਰ ਵਾਸੀਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਅੱਜ ਪੰਜਾਬ ਅੰਦਰ ਸਫ਼ਾਈ ਕਰਮਚਾਰੀ, ਬਿਜਲੀ ਮੁਲਾਜ਼ਮ, ਮਨਿਸਟਰੀਅਲ ਕਾਮੇ ਤੋਂ ਲੈ ਕੇ ਹਰ ਇੱਕ ਮਹਿਕਮਾ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਜਾ ਰਿਹਾ ਹੈ, ਪ੍ਰੰਤੂ ਇਸ ਵਿਚ ਆਮ ਲੋਕਾਂ ਦਾ ਕੀ ਕਸੂਰ ਹੈ, ਜਿਨ੍ਹਾਂ ਨੂੰ ਬਿਨਾਂ ਕਿਸੇ ਮਤਲਬ ਤੋਂ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਜਦਕਿ ਸਰਕਾਰ ਦੀਆਂ ਨਾਕਾਮੀਆਂ ਦਾ ਖ਼ਮਿਆਜ਼ਾ ਵੀ ਆਮ ਲੋਕਾਂ ਨੂੰ ਭੋਗਣਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੇ ਬਿਜਲੀ ਗਰਿੱਡ ਦੀ ਗੱਲ ਕਰਦਿਆਂ ਕਿਹਾ ਕਿ ਜਦੋਂ ਗਰਿੱਡ ਅੰਦਰ ਕੋਈ ਨੁਕਸ ਪੈ ਜਾਂਦਾ ਹੈ ਤਾਂ ਉਸ ਨੂੰ ਦਰੁਸਤ ਕਰਨ ਲਈ ਕੋਈ ਵੀ ਮੁਲਾਜ਼ਮ ਮੌਕੇ ’ਤੇ ਨਹੀਂ ਹੁੰਦਾ। ਜਿਸ ਕਰ ਕੇ ਗਰਮੀ ਕਾਰਨ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦਾ ਬੁਰਾ ਹਾਲ ਹੋ ਜਾਂਦਾ ਹੈ। ਜਦੋਂ ਲੋਕ ਆਪਣੀ ਸਮੱਸਿਆ ਲੈ ਕੇ ਬਿਜਲੀ ਘਰ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਹੜਤਾਲ ਦਾ ਹਵਾਲਾ ਦੇ ਕੇ ਕੋਈ ਠੋਸ ਜਵਾਬ ਨਹੀਂ ਦਿੱਤਾ ਜਾਂਦਾ। ਬਿਜਲੀ ਨਾ ਹੋਣ ਕਾਰਨ ਘਰਾਂ ’ਚ ਪਾਣੀ ਨਹੀਂ ਆ ਰਿਹਾ, ਇਨਵਰਟਰ ਵੀ ਜਵਾਬ ਦੇ ਚੁੱਕੇ ਹਨ ਤੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਖ਼ਾਸ ਕਰ ਕੇ ਬਜ਼ੁਰਗਾਂ, ਬੱਚਿਆਂ ਅਤੇ ਮਰੀਜ਼ਾਂ ਦੀ ਹਾਲਤ ਹੋਰ ਵੀ ਨਾਜ਼ੁਕ ਬਣ ਗਈ ਹੈ। ਇਸ ਤੋਂ ਇਲਾਵਾ ਫ਼ਰਿਜਾਂ ਵਿਚ ਰੱਖਿਆ ਦੁੱਧ, ਦਵਾਈਆਂ ਅਤੇ ਹੋਰ ਜ਼ਰੂਰੀ ਖਾਣ-ਪੀਣ ਦਾ ਸਮਾਨ ਵੀ ਖ਼ਰਾਬ ਹੋਣ ਲੱਗਾ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਅਗਰ ਹਰ ਇੱਕ ਮਹਿਕਮਾ ਆਪਣੀਆਂ ਮੰਗਾਂ ਨੂੰ ਲੈ ਕੇ ਇੰਜ ਹੜਤਾਲ ਕਰੇਗਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੂਬੇ ਅੰਦਰ ਹਰ ਵਰਗ ਦੇ ਕੀਰਤੀ ਲੋਕ ਵੀ ਆਪੋ ਆਪਣੇ ਕਾਰੋਬਾਰ ਬੰਦ ਕਰ ਕੇ ਸੜਕਾਂ ’ਤੇ ਨਿਕਲਣ ਲਈ ਮਜਬੂਰ ਹੋਣਗੇ।