ਮਹਿਲ ਕਲਾਂ, 27 ਜੁਲਾਈ (ਅਵਤਾਰ ਸਿੰਘ ਅਣਖੀ)-ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖ਼ਿਆਲੀ ਨੇ ਆਪਣੀ ਟੀਮ ਸਮੇਤ ਅੱਜ ਪਿੰਡ ਮੂੰਮ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕਰ ਕੇ ਸਕੂਲ ’ਚ ਅਧਿਆਪਕਾਂ ਦੀ ਘਾਟ, ਬੀ.ਐਲ.ਓ. ਡਿਊਟੀਆਂ ਕਾਰਨ ਪੜ੍ਹਾਈ ’ਚ ਆ ਰਹੀਆਂ ਰੁਕਾਵਟਾਂ ਅਤੇ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਮੂੰਮ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਅਜਿਹੀ ਸਥਿਤੀ ਸਾਹਮਣੇ ਆਈ ਹੈ, ਜਿੱਥੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਸਿਰਫ਼ ਦੋ ਅਧਿਆਪਕ ਹੀ ਬੱਚਿਆਂ ਨੂੰ ਪੜ੍ਹਾ ਰਹੇ ਹਨ, ਜਦ ਕਿ ਦੋ ਹੋਰ ਅਧਿਆਪਕ ਬੀ.ਐਲ.ਓ. ਡਿਊਟੀਆਂ ’ਤੇ ਲੱਗੇ ਹੋਏ ਹਨ। ਇਸ ਕਾਰਨ ਬੱਚਿਆਂ ਦੀ ਪੜਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਲੋਕ ਪੜ੍ਹਾਈ ਵਿਚ ਆ ਰਹੀ ਕਮੀ ਲਈ ਅਧਿਆਪਕਾਂ ਨੂੰ ਦੋਸ਼ੀ ਠਹਿਰਾਉਂਦੇ ਹਨ, ਪਰ ਅਸਲ ਤਸਵੀਰ ਕੁੱਝ ਹੋਰ ਹੈ। ਜਦੋਂ ਸਰਕਾਰ ਵਲੋਂ ਅਧਿਆਪਕਾਂ ਨੂੰ ਬੀ.ਐਲ.ਓ. ਡਿਊਟੀਆਂ, ਸਰਵੇਖਣਾਂ, ਚੋਣਾਂ ਅਤੇ ਹੋਰ ਗੈਰ-ਵਿੱਦਿਅਕ ਕੰਮਾਂ ਵਿਚ ਲਾ ਦਿੱਤਾ ਜਾਂਦਾ ਹੈ। ਆਗੂ ਖ਼ਿਆਲੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਵੱਡੀ ਗਿਣਤੀ ਵਿਚ ਮਜ਼ਦੂਰਾਂ, ਛੋਟੇ ਕਿਸਾਨਾਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ। ਇਨ੍ਹਾਂ ਪਰਿਵਾਰਾਂ ਕੋਲ ਨਾ ਤਾਂ ਮਹਿੰਗੇ ਪ੍ਰਾਈਵੇਟ ਸਕੂਲਾਂ ਦਾ ਬਦਲ ਹੁੰਦਾ ਹੈ, ਅਤੇ ਨਾ ਹੀ ਹਰ ਵਾਰ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੇ ਸਾਧਨ, ਅਜਿਹੇ ’ਚ ਸਰਕਾਰ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਸਰਕਾਰੀ ਸਕੂਲਾਂ ਵਿਚ ਪੂਰਾ ਅਧਿਆਪਕ ਸਟਾਫ਼ ਯਕੀਨੀ ਬਣਾਇਆ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬੀ ਮੰਚ ਲੰਬੇ ਸਮੇਂ ਤੋਂ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਭ੍ਰਿਸ਼ਟਾਚਾਰ ਵਰਗੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਆਵਾਜ਼ ਉਠਾਉਂਦਾ ਆ ਰਿਹਾ ਹੈ ਅਤੇ ਅੱਗੇ ਵੀ ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਕਿ ਬੀ.ਐਲ.ਓ. ਡਿਊਟੀਆਂ ’ਤੇ ਤਾਇਨਾਤ ਅਧਿਆਪਕਾਂ ਨੂੰ ਤੁਰੰਤ ਸਕੂਲਾਂ ਵਿਚ ਵਾਪਸ ਭੇਜਿਆ ਜਾਵੇ। ਇਸ ਤੋਂ ਇਲਾਵਾ ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਜਾਂ ਨਵੀਆਂ ਤਾਇਨਾਤੀਆਂ ਹੋਣੀਆਂ ਹਨ, ਉਨ੍ਹਾਂ ਦੀ ਪ੍ਰਕਿਰਿਆ ਵੀ ਬਿਨਾਂ ਦੇਰੀ ਮੁਕੰਮਲ ਕੀਤੀ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਆਮ ਵਾਂਗ ਚੱਲ ਸਕੇ। ਆਗੂ ਖ਼ਿਆਲੀ ਨੇ ਸਪਸ਼ਟ ਕਿਹਾ ਕਿ ਜੇਕਰ ਬੱਚਿਆਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਕਰਨ ਵਾਲੇ ਮਸਲਿਆਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਭਾਈ ਲਾਲੋ ਪੰਜਾਬੀ ਮੰਚ ਇਨਸਾਫ਼ ਪਸੰਦ ਲੋਕਾਂ ਨੂੰ ਨਾਲ ਲੈ ਕੇ ਅਗਲੀ ਰਣਨੀਤੀ ਤਿਆਰ ਕਰੇਗਾ।