25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕੀ ਡਬਲਿਊ. ਟੀ.ਸੀ. 'ਚ ਬੁਮਰਾਹ 'ਮਾਸਟਰ ਕਾਰਡ' ਸਾਬਿਤ ਹੋਣਗੇ?

ਅਜੀਤ ਡੈਸਕ 12-05-2026

ਟੀ-20 ਵਿਸ਼ਵ ਕੱਪ ਦੀ ਜਿੱਤ ਮਗਰੋਂ ਹੁਣ ਬੀ.ਸੀ.ਸੀ.ਆਈ. ਦੇ ਰਾਸ਼ਟਰੀ ਚੋਣਕਰਤਾ ਤੇ ਟੀਮ ਪ੍ਰਬੰਧਕਾਂ ਦਾ ਧਿਆਨ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊ.ਟੀ.ਸੀ.) ਅਤੇ ਇਕ ਦਿਨਾ ਵਿਸ਼ਵ ਕੱਪ-2027 ਲਈ ਯੋਜਨਾ ਬਣਾਉਣ ਵੱਲ ਹੋ ਗਿਆ ਹੈ। ਇਨ੍ਹਾਂ ਯੋਜਨਾਵਾਂ ਦੇ ਕੇਂਦਰ ਵਿਚ ਇਕ ਵੱਡਾ ਸਵਾਲ ਹੈ ਕਿ ਸੁਪਰਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਚੰਗੇ ਪ੍ਰਦਰਸ਼ਨ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ? ਜ਼ਿਕਰਯੋਗ ਹੈ ਕਿ ਬੁਮਰਾਹ ਦਾ ਜੋ ਵਿਸ਼ੇਸ਼ ਐਕਸ਼ਨ ਹੈ, ਉਸ ਕਾਰਨ ਉਸ ਦੇ 32 ਸਾਲਾ ਸਰੀਰ 'ਤੇ ਵੱਧ ਦਬਾਅ ਪੈਂਦਾ ਹੈ, ਜਿਸ ਨਾਲ ਉਸ ਦੇ ਕਾਰਜ ਪ੍ਰਬੰਧਨ 'ਤੇ ਸਵਾਲ ਖੜ੍ਹਾ ਹੋ ਜਾਂਦਾ ਹੈ। ਬੀ.ਸੀ.ਸੀ.ਆਈ. ਚਾਹੁੰਦੀ ਹੈ ਕਿ ਆਗਾਮੀ ਸੈਸ਼ਨ ਵਿਚ ਡਬਲਿਊ.ਟੀ.ਸੀ. ਦੇ ਜੋ 9 ਟੈਸਟ ਹੋਣੇ ਹਨ, ਬੁਮਰਾਹ ਉਹ ਸਭ ਖੇਡੇ। ਇਹ ਚਾਹਤ ਬਿਨਾਂ ਵਜ੍ਹਾ ਨਹੀਂ ਹੈ। ਡਬਲਿਊ.ਟੀ.ਸੀ. 2023-2025 ਦੇ ਚੱਕਰ ਵਿਚ ਜਿਨ੍ਹਾਂ ਗੇਂਦਬਾਜ਼ਾਂ ਨੇ 50 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ, ਉਨ੍ਹਾਂ 'ਚ ਬੁਮਰਾਹ ਦਾ ਔਸਤ ਇਕਾਨਮੀ ਰੇਟ ਤੇ ਸਟ੍ਰਾਈਕ ਰੇਟ ਸਭ ਤੋਂ ਵਧੀਆ ਸੀ। ਉਸ ਨੇ 15 ਮੈਚਾਂ ਵਿਚ 77 ਵਿਕਟਾਂ 15.1 ਦੀ ਔਸਤ ਨਾਲ ਝਟਕਾਈਆਂ ਸਨ, ਜਦਕਿ ਉਸ ਦਾ ਸਟ੍ਰਾਈਕ ਰੇਟ 30.6 ਤੇ ਇਕਾਨਮੀ ਰੇਟ 2.3 ਰਿਹਾ ਸੀ। ਉਸ ਨੇ ਇਕ ਪਾਰੀ 'ਚ 45 ਦੌੜਾਂ ਦੇ ਕੇ 6 ਵਿਕਟਾਂ ਲਈਆਂ ਤੇ ਮੈਚ ਵਿਚ 91 ਦੌੜਾਂ ਦੇ ਕੇ 9 ਵਿਕਟਾਂ ਪ੍ਰਾਪਤ ਕੀਤੀਆਂ ਸਨ, ਜੋ ਕਿ ਉਸ ਦਾ ਸਰਬੋਤਮ ਪ੍ਰਦਰਸ਼ਨ ਰਿਹਾ। ਇਨ੍ਹਾਂ 15 ਟੈਸਟਾਂ 'ਚੋਂ ਭਾਰਤ ਨੇ 7 ਵਿਚ ਜਿੱਤ ਦਰਜ ਕੀਤੀ, ਜਿਨ੍ਹਾਂ 'ਚ ਉਸ ਨੇ 13.7 ਦੀ ਔਸਤ, 27 ਦਾ ਸਟ੍ਰਾਈਕ ਰੇਟ ਤੇ 3 ਦੇ ਇਕਾਨਮੀ ਰੇਟ ਨਾਲ 40 ਵਿਕਟਾਂ ਝਕਟਾਈਆਂ ਸਨ। ਇਸ ਤੋਂ ਪਤਾ ਲਗਦਾ ਹੈ ਕਿ ਉਸ ਨੇ ਜਦੋਂ ਬਿਹਤਰ ਪ੍ਰਦਰਸ਼ਨ ਕੀਤਾ ਤਾਂ ਭਾਰਤ ਨੂੰ ਜਿੱਤ ਨਸੀਬ ਹੋਈ। ਜ਼ਿਕਰਯੋਗ ਹੈ ਕਿ ਭਾਰਤ ਹੁਣ ਤੱਕ ਡਬਲਿਊ.ਟੀ.ਸੀ. ਦੇ ਫਾਈਨਲ 'ਚ ਦੋ ਵਾਰ ਪਹੁੰਚ ਚੁੱਕਾ ਹੈ ਪਰ ਖ਼ਿਤਾਬ ਜਿੱਤਣ ਤੋਂ ਵਾਂਝਾ ਰਿਹਾ। ਭਾਰਤ ਦੇ 9 ਟੈਸਟ ਇਸ ਤਰ੍ਹਾਂ ਹਨ- ਇਸ ਸਾਲ 2-2 ਟੈਸਟ ਸ੍ਰੀਲੰਕਾ ਤੇ ਨਿਊਜ਼ੀਲੈਂਡ ਖ਼ਿਲਾਫ਼ ਅਤੇ ਫਿਰ ਅਗਲੇ ਸਾਲ ਭਾਰਤ ਵਿਚ ਜਨਵਰੀ ਮਹੀਨੇ ਆਸਟ੍ਰੇਲੀਆ ਬਾਰਡਰ-ਗਾਵਸਕਰ ਟਰਾਫ਼ੀ ਦੇ 5 ਟੈਸਟ ਖੇਡੇ ਜਾਣਗੇ। ਇਨ੍ਹਾਂ ਟੈਸਟਾਂ ਵਿਚ ਚੰਗੇ ਪ੍ਰਦਰਸ਼ਨ ਨਾਲ ਹੀ ਡਬਲਿਊ.ਟੀ.ਸੀ. ਵਿਚ ਭਾਰਤ ਦੀ ਕਿਸ਼ਤੀ ਪਾਰ ਲੱਗ ਸਕੇਗੀ। ਇਸੇ ਲਈ ਬੀ.ਸੀ.ਸੀ.ਆਈ. ਟੈਸਟ ਮੈਚਾਂ ਨੂੰ ਪਹਿਲ ਦੇ ਰਹੀ ਹੈ। ਬੀ.ਸੀ.ਸੀ.ਆਈ. ਸੂਤਰਾਂ ਦਾ ਕਹਿਣਾ ਹੈ ਕੋਸ਼ਿਸ਼ ਇਹੀ ਹੈ ਕਿ ਬੁਮਰਾਹ ਨੂੰ ਪੂਰਾ ਫਿੱਟ ਰੱਖਿਆ ਜਾਵੇ ਤਾਂ ਕਿ ਉਹ ਸਾਰੇ 9 ਟੈਸਟ ਖੇਡ ਸਕੇ। ਇਸ ਲਈ ਚੋਣਕਰਤਾ ਉਸ ਨੂੰ ਕੁਝ ਇਕ ਦਿਨਾ ਮੈਚਾਂ 'ਚ ਆਰਾਮ ਦੇ ਸਕਦੇ ਹਨ। ਆਈ.ਪੀ.ਐਲ. ਸਮਾਪਤੀ ਤੋਂ ਬਾਅਦ ਖਿਡਾਰੀਆਂ ਦੇ ਕਾਰਜ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਉਸ ਤੋਂ ਮਗਰੋਂ ਹੀ ਅਫ਼ਗਾਨਿਸਤਾਨ ਵਿਰੁੱਧ ਖੇਡਣ ਵਾਲੀ ਟੀਮ ਦਾ ਐਲਾਨ ਕੀਤਾ ਜਾਵੇਗਾ। ਵਿਚਾਰ ਟੈਸਟ ਮੈਚਾਂ ਲਈ ਗੰਭੀਰ ਹੋਣ ਦਾ ਹੈ। ਇਸ ਤੋਂ ਪਹਿਲਾਂ ਭਾਵੇਂ ਅਫ਼ਗਾਨਿਸਤਾਨ ਖ਼ਿਲਾਫ਼ ਖੇਡਿਆ ਜਾਣ ਵਾਲਾ ਟੈਸਟ ਮੈਚ ਭਾਵ ਡਬਲਿਊ.ਟੀ.ਸੀ. ਦਾ ਹਿੱਸਾ ਨਾ ਹੋਵੇ ਪਰ ਇਸ ਨਾਲ ਮੈਚ ਅਭਿਆਸ ਜ਼ਰੂਰੀ ਹੋ ਜਾਵੇਗਾ। ਚੋਟੀ ਦੇ ਖਿਡਾਰੀਆਂ ਦਾ ਮੁਲਾਂਕਣ ਕੀਤਾ ਜਾਵੇਗਾ ਤੇ ਉਸੇ ਦੇ ਆਧਾਰ 'ਤੇ ਅਗਲੇਰੀ ਯੋਜਨਾ ਬਣਾਈ ਜਾਵੇਗੀ। ਸਵਾਲ ਇਹ ਹੈ ਕਿ ਕੀ ਡਬਲਿਊ.ਟੀ.ਸੀ. ਸੈਸ਼ਨ ਵਿਚ ਬੁਮਰਾਹ 'ਮਾਸਟਰ ਕਾਰਡ' ਸਾਬਿਤ ਹੋਵੇਗਾ? ਇਸ ਦਾ ਜਵਾਬ ਸਿਰਫ਼ ਸਮਾਂ ਹੀ ਦੇ ਸਕਦਾ ਹੈ।

-ਇਮੇਜ ਰਿਫਲੈਕਸ਼ਨ ਸੈਂਟਰ

ਪਿਛਲੀ ਖ਼ਬਰ ਖਿਡਾਰੀਆਂ ਦੀ ਰੇਲ ਚੜ੍ਹੇ ਅਹੁਦਿਆਂ ਦੇ ਸ਼ਿਕਾਰੀ ਅਗਲੀ ਖ਼ਬਰ ਨੈਸ਼ਨਲ ਸਪੋਰਟਸ ਫੈਡਰੇਸ਼ਨ ਸੰਮੇਲਨ-2026-ਭਾਰਤੀ ਖੇਡਾਂ ਲਈ ਹੋਵੇਗੀ ਨਵੇਂ ਯੁੱਗ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।