25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਗਧੀ ਅਤੇ ਬਾਂਦਰ ਦੀ ਨੋਕ-ਝੋਕ

ਅਜੀਤ ਡੈਸਕ 02-05-2026

ਇਕ ਹਰੇ-ਭਰੇ ਜੰਗਲ ਵਿਚ ਇਕ ਗਧਾ ਅਤੇ ਇਕ ਚਲਾਕ ਬਾਂਦਰ ਰਹਿੰਦੇ ਸਨ। ਜੰਗਲ ਵਿਚ ਹੋਰ ਵੀ ਕਈ ਜਾਨਵਰ ਸਨ ਜਿਵੇਂ ਕਿ ਖਰਗੋਸ਼, ਲੂੰਮੜੀ, ਹਾਥੀ, ਅਤੇ ਤੋਤਾ। ਸਾਰੇ ਜਾਨਵਰ ਆਪਸ ਵਿਚ ਮਿਲਜੁਲ ਕੇ ਰਹਿੰਦੇ ਸਨ, ਪਰ ਗਧੇ ਅਤੇ ਬਾਂਦਰ ਦੀ ਅਕਸਰ ਨੋਕ-ਝੋਕ ਹੋ ਜਾਂਦੀ ਸੀ।
ਇਕ ਦਿਨ ਬਾਂਦਰ ਦਰੱਖਤ 'ਤੇ ਬੈਠਾ ਮਿੱਠੇ ਅੰਬ ਖਾ ਰਿਹਾ ਸੀ। ਹੇਠਾਂ ਗਧਾ ਘਾਹ ਖਾ ਰਿਹਾ ਸੀ। ਗਧੇ ਨੇ ਉੱਪਰ ਵੇਖ ਕੇ ਕਿਹਾ, 'ਓ ਬਾਂਦਰ ਭਰਾ! ਸਾਰੇ ਅੰਬ ਤੂੰ ਹੀ ਖਾ ਜਾਵੇਂਗਾ? ਸਾਨੂੰ ਵੀ ਕੁਝ ਦੇ ਦੇ।'
ਬਾਂਦਰ ਹੱਸ ਕੇ ਬੋਲਿਆ, 'ਗਧੇ ਭਰਾ, ਜੇ ਤੂੰ ਦਰੱਖਤ 'ਤੇ ਚੜ੍ਹ ਸਕਦਾ ਹੈਂ ਤਾਂ ਆ ਕੇ ਖਾਹ ਲੈ।'
ਇਹ ਸੁਣ ਕੇ ਗਧਾ ਥੋੜਾ ਨਾਰਾਜ਼ ਹੋ ਗਿਆ ਤੇ ਕਹਿਣ ਲੱਗਾ, 'ਹਰ ਕਿਸੇ ਨੂੰ ਦਰੱਖਤ 'ਤੇ ਚੜ੍ਹਣਾ ਨਹੀਂ ਆਉਂਦਾ, ਪਰ ਮੇਰੇ ਵਾਂਗੂ ਕੋਈ ਭਾਰ ਵੀ ਨਹੀਂ ਢੋਅ ਸਕਦਾ, ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।
ਇਹ ਗੱਲ ਸੁਣ ਕੇ ਕੋਲ ਖੜ੍ਹੇ ਖਰਗੋਸ਼ ਤੇ ਤੋਤਾ ਹੱਸ ਪਏ। ਉਧਰ ਲੂੰਮੜੀ ਨੇ ਕਿਹਾ, 'ਤੁਸੀਂ ਦੋਵੇਂ ਕਿਉਂ ਲੜ ਰਹੇ ਹੋ? ਹਰੇਕ ਵਿਚ ਕੋਈ ਨਾ ਕੋਈ ਆਪਣੀ ਖੂਬੀ ਹੁੰਦੀ ਹੈ।'
ਹਾਥੀ ਵੀ ਆ ਗਿਆ ਤੇ ਉਸ ਨੇ ਕਿਹਾ, 'ਬਾਂਦਰ ਦਰੱਖਤ 'ਤੇ ਚੜ੍ਹ ਸਕਦਾ ਹੈ, ਗਧਾ ਭਾਰ ਢੋਅ ਸਕਦਾ ਹੈ, ਖਰਗੋਸ਼ ਤੇਜ਼ ਦੌੜ ਸਕਦਾ ਹੈ ਅਤੇ ਮੈਂ ਭਾਰੀ ਕੰਮ ਕਰ ਸਕਦਾ ਹਾਂ। ਇਸ ਲਈ ਕਿਸੇ ਨੂੰ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।'
ਹਾਥੀ ਦੀ ਗੱਲ ਸੁਣ ਕੇ ਬਾਂਦਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸ ਨੇ ਤੁਰੰਤ ਕੁਝ ਅੰਬ ਤੋੜ ਕੇ ਹੇਠਾਂ ਸੁੱਟ ਦਿੱਤੇ ਅਤੇ ਕਿਹਾ, 'ਗਧੇ ਭਰਾ, ਮਾਫ਼ ਕਰਨਾ। ਆਓ ਮਿਲ ਕੇ ਅੰਬ ਖਾਈਏ।'
ਗਧਾ ਵੀ ਮੁਸਕਰਾ ਪਿਆ ਤੇ ਕਿਹਾ, ਚਲੋ, ਦੋਸਤ ਬਣ ਕੇ ਰਹੀਏ।
ਫਿਰ ਸਾਰੇ ਜਾਨਵਰ ਇਕੱਠੇ ਬੈਠ ਕੇ ਅੰਬ ਖਾਣ ਲੱਗ ਪਏ ਅਤੇ ਜੰਗਲ ਵਿਚ ਇਕ ਖੁਸ਼ੀ ਵਾਲ਼ਾ ਮਹੌਲ ਬਣ ਗਿਆ।
ਸਿੱਖਿਆ:- ਸਾਨੂੰ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਕਿਉਂਕਿ ਹਰੇਕ ਵਿਚ ਕੋਈ ਨਾ ਕੋਈ ਖੂਬੀ ਜ਼ਰੂਰ ਹੁੰਦੀ ਹੈ।

(ਸ੍ਰੀ ਫ਼ਤਹਿਗੜ੍ਹ ਸਾਹਿਬ )
ਮੋਬਾਈਲ : 98550-36444

ਪਿਛਲੀ ਖ਼ਬਰ ਅਨਮੋਲ ਗੱਲਾਂ ਅਗਲੀ ਖ਼ਬਰ ਮੌਤ ਦੇ ਜਾਲ ਨੂੰ ਮਾਤ ਦਿੰਦਾ ਇਕ ਵਿਲੱਖਣ ਯੋਧਾ-ਰੋਨਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।