ਨਦੀਆਂ ਦਾ ਜਾਲ ਸਾਰੇ ਵਿਸ਼ਵ 'ਚ ਫੈਲਿਆ ਹੋਇਆ ਹੈ | ਇਥੇ ਵੱਖ-ਵੱਖ ਤਰ੍ਹਾਂ ਦੀਆਂ ਨਦੀਆਂ ਹਨ | ਨਦੀਆਂ ਧਰਤੀ ਨੂੰ ਹਰਿਆਲੀ ਦਾ ਵਰਦਾਨ ਦਿੰਦੀਆਂ ਹਨ | ਮਨੁੱਖੀ ਸੱਭਿਅਤਾ ਨਦੀਆਂ ਦੇ ਪਾਣੀ ਬਿਨਾਂ ਅਧੂਰੀ ਹੈ | ਕਲ-ਕਲ ਦੀ ਮਿੱਠੀ ਧੁਨ ਬਣ ਕੇ ਵਗਦੀਆਂ ਨਦੀਆਂ ਮਨੁੱਖੀ ਹਿਰਦੇ ਨੂੰ ਸੰਤੁਸ਼ਟ ਕਰਦੀਆਂ ਹਨ | ਇਨ੍ਹਾਂ ਨਦੀਆਂ ਨੂੰ ਕੁਦਰਤ ਨੇ ਕੁਝ ਵਿਸ਼ੇਸ਼ਤਾਵਾਂ ਵੀ ਪ੍ਰਦਾਨ ਕੀਤੀਆਂ ਹਨ | ਇਨ੍ਹਾਂ ਵਿਸ਼ੇਸ਼ਤਾਵਾਂ ਦੇ ਕਾਰਨ ਇਹ ਨਦੀਆਂ ਹੈਰਾਨੀਜਨਕ ਅਤੇ ਰਹੱਸਮਈ ਬਣ ਗਈਆਂ ਹਨ | ਇਨ੍ਹਾਂ ਰਹੱਸਮਈ ਨਦੀਆਂ ਨੂੰ ਦੇਖ ਕੇ ਮਨੁੱਖ ਵੀ ਦੰਦਾਂ ਹੇਠ ਉਂਗਲੀ ਦਬਾਉਣ ਲਈ ਮਜਬੂਰ ਹੋ ਜਾਂਦਾ ਹੈ |
ਇਨ੍ਹਾਂ ਰਹੱਸਮਈ ਨਦੀਆਂ 'ਚੋਂ ਹੀ ਇਕ ਅਮਰੀਕਾ ਦੇ ਨੇਵਰਾਸਕਾ ਖੇਤਰ 'ਚ ਇਕ ਨਦੀ ਹੈ | ਇਸ ਨਦੀ ਦਾ ਪਾਣੀ ਮਿੱਠਾ ਹੈ ਜਿਵੇਂ ਸ਼ਹਿਦ ਹੋਵੇ | ਸੰਨ 1930 'ਚ ਇਸ ਨਦੀ ਦੀ ਖੋਜ ਕੀਤੀ ਗਈ ਸੀ | ਦਿਨੋ-ਦਿਨ ਇਹ ਨਦੀ ਵਧਦੀ ਹੀ ਜਾ ਰਹੀ ਸੀ | ਮਾਹਿਰ ਇਸ ਦੀ ਮਿਠਾਸ ਦੀ ਖੋਜ ਵਿਚ ਲੱਗੇ ਹੋਏ ਹਨ | ਸ਼ਾਇਦ ਭਵਿੱਖ 'ਚ ਇਸ ਰਹੱਸ ਨੂੰ ਉਜਾਗਰ ਕਰ ਸਕਣ |
ਚਿੱਲੀ ਅਤੇ ਅਰਜਨਟੀਨਾ ਦੇਸ਼ਾਂ ਵਿਚਕਾਰ 'ਰਾਏਓਪ ਵਿਨਾਗ੍ਰੇ' ਨਾਮੀ ਇਕ ਨਦੀ ਵਗਦੀ ਹੈ | ਇਸ ਨਦੀ ਦਾ ਪਾਣੀ ਨਿੰਬੂ ਵਾਂਗ ਖੱਟਾ ਹੈ | ਉਥੋਂ ਦੇ ਲੋਕ ਇਸ ਪਾਣੀ ਵਿਚ ਸ਼ੱਕਰ ਜਾਂ ਨਮਕ ਮਿਲਾ ਕੇ ਸ਼ਰਬਤ ਦੇ ਰੂਪ ਵਿਚ ਇਸ ਦੀ ਵਰਤੋਂ ਕਰਕੇ ਲੁਤਫ਼ ਲੈਂਦੇ ਹਨ |
ਅਫ਼ਰੀਕਾ 'ਚ ਇਕ ਵਚਿੱਤਰ ਨਦੀ ਹੈ | 'ਏਗਾਰੀਨਿਆਰਕੀ' ਨਾਮੀ ਇਹ ਨਦੀ ਭੂਰੇ ਰੰਗ ਦੀ ਹੈ | ਇਸ ਦਾ ਬੀਅਰ ਵਰਗਾ ਸਵਾਦ ਹੈ | ਜਾਂਚ ਕਰਨ 'ਤੇ ਇਸ 'ਚ ਅਲਕੋਹਲ ਦਾ ਅੰਸ਼ ਬਿਲਕੁਲ ਨਹੀਂ ਮਿਲਿਆ | ਸ਼ਰਾਬ ਦੇ ਸਵਾਦ ਵਾਲੇ ਇਸ ਪਾਣੀ ਨੂੰ ਪੀਣ ਨਾਲ ਨਸ਼ਾ ਬਿਲਕੁਲ ਨਹੀਂ ਹੁੰਦਾ | ਇਥੋਂ ਦੇ ਲੋਕ ਇਸ 'ਚ ਕੀਟਾਣੂ ਹੋਣ ਦਾ ਵਹਿਮ ਹੋਣ ਕਰਕੇ ਇਸ ਨੂੰ ਉਬਾਲ ਕੇ ਪੀਂਦੇ ਹਨ |
ਸਪੇਨ 'ਚ ਖੂਨੀ ਨਦੀ ਦੇ ਨਾਂਅ ਨਾਲ ਮਸ਼ਹੂਰ ਇਕ ਨਦੀ ਹੈ | 'ਰਿਓਰੀਰੋ' ਨਾਮੀ ਇਸ ਨਦੀ ਦੇ ਪਾਣੀ 'ਚ ਇਕ ਅਜਿਹਾ ਖਣਿਜ ਤੱਤ ਪਾਇਆ ਜਾਂਦਾ ਹੈ ਜੋ ਹਵਾ ਦੇ ਸੰਪਰਕ 'ਚ ਆਉਂਦਿਆਂ ਹੀ ਪੂਰੀ ਨਦੀ ਦਾ ਪਾਣੀ ਲਾਲ ਰੰਗ ਹੋ ਜਾਂਦਾ ਹੈ | ਉਸ ਖੇਤਰ 'ਚ ਤੇਜ਼ ਹਵਾਵਾਂ ਜਿੰਨੀਆਂ ਵੀ ਚਲਦੀਆਂ ਹਨ, ਨਦੀ ਵੀ ਓਨੀ ਹੀ ਲਾਲ ਹੋ ਜਾਂਦੀ ਹੈ |
ਲਗਭਗ ਅੱਠ ਦਹਾਕੇ ਪਹਿਲਾਂ ਫਰਾਂਸੀਸੀ ਮਾਹਿਰਾਂ ਨੇ ਅਲਜੀਰੀਆ 'ਚ ਇਕ ਅਜਿਹੀ ਨਦੀ ਦੀ ਖੋਜ ਕੀਤੀ ਸੀ ਜਿਸ ਦਾ ਰੰਗ ਸਿਆਹੀ ਵਾਂਗ ਗੂੜ੍ਹਾ ਨੀਲਾ ਹੈ | ਖੋਜਕਾਰਾਂ ਅਨੁਸਾਰ ਇਸ ਦੇ ਪਾਣੀ ਦਾ ਇਹ ਰੰਗ ਲੋਹਾ ਅਤੇ ਲੈੱਡ ਆਕਸਾਈਡ ਦੇ ਰਸਾਇਣਕ ਮਿਸ਼ਰਣ ਕਾਰਨ ਹੁੰਦਾ ਹੈ | ਇਥੋਂ ਦੀ ਧਰਤੀ 'ਤੇ ਇਹ ਦੋਵੇਂ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ |
ਮਸਾਈਲੈਂਡ ਦੀ ਕਾਲੀ ਨਦੀ ਅਤੇ ਚੀਨ ਦੀ ਪੀਲੀ ਨਦੀ ਆਪਣੇ ਕੁਦਰਤੀ ਰੰਗਾਂ ਦੀ ਸੁੰਦਰਤਾ ਲਈ ਸਾਰੇ ਵਿਸ਼ਵ 'ਚ ਪ੍ਰਸਿੱਧ ਹਨ | ਆਸਟਰੀਆ ਦੀ ਨਦੀ ਬਲੂ ਡੈਨਿਊਬ ਇਕ ਨੀਲੇ ਪਾਣੀ ਦੀ ਨਦੀ ਹੈ | ਇਸ ਨਦੀ 'ਚ ਦੋ ਹੋਰ ਨਦੀਆਂ, ਭੂਰੀ ਇਲਜ਼ ਨਦੀ ਅਤੇ ਪੀਲੀ ਇਨ ਨਦੀ ਮਿਲ ਜਾਂਦੀ ਹੈ | ਸੰਗਮ ਵਾਲੀ ਥਾਂ 'ਚ ਕਾਫੀ ਦੂਰ ਤੱਕ ਇਨ੍ਹਾਂ ਨਦੀਆਂ ਨੂੰ ਤਿਰੰਗੀ ਪੱਟੀ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ | ਲੋਕ ਇਸ ਤਿਰੰਗੀ ਸੁੰਦਰਤਾ ਨੂੰ ਦੇਖ ਕੇ ਮੰਤਰਮੁਗਧ ਹੋਏ ਬਿਨਾਂ ਨਹੀਂ ਰਹਿੰਦੇ |
ਸਾਡਾ ਵਿਸ਼ਵ ਇਨ੍ਹਾਂ ਅਨੇਕ ਰਹੱਸਮਈ ਅਤੇ ਵਚਿੱਤਰ ਨਦੀਆਂ ਨਾਲ ਭਰਿਆ ਹੋਇਆ ਹੈ | ਕਾਲੀ, ਪੀਲੀ, ਨੀਲੀ ਅਤੇ ਸਫੈਦ ਰੰਗ ਦੀਆਂ ਇਹ ਨਦੀਆਂ ਆਪਣੀ ਸੁੰਦਰਤਾ ਨਾਲ ਕੁਦਰਤ ਨੂੰ ਹੋਰ ਵਧੇਰੇ ਆਕਰਸ਼ਕ ਬਣਾਉਂਦੀਆਂ ਹਨ | ਇਨ੍ਹਾਂ ਦੇ ਰੰਗ ਪਰਿਵਰਤਨ ਦਾ ਕਾਰਨ ਧਰਤੀ 'ਤੇ ਪਾਏ ਜਾਣ ਵਾਲੇ ਰਾਸਾਇਣਕ ਤੱਤ ਵੀ ਹੋ ਸਕਦੇ ਹਨ |