ਇਕ ਸ਼ਾਮ ਜਦੋਂ ਹਲਕੀ ਜਹੀ ਠੰਢੀ ਹਵਾ ਦੇ ਬੁੱਲਿ੍ਹਆ 'ਚ ਦਾਦਾ ਜੀ ਆਪਣੇ ਘਰ ਦੇ ਵਿਹੜੇ ਮੰਜੀ 'ਤੇ ਲੰਮੇ ਪਏ ਨੀਲੇ ਅੰਬਰ ਵੱਲ ਤੱਕ ਰਹੇ ਸਨ ਤਾਂ ਨੇੜੇ ਹੀ ਉਨ੍ਹਾਂ ਦੇ ਦੋ ਪੋਤਰੇ ਅਮਨ ਤੇ ਗੁਰਪ੍ਰੀਤ ਮੋਬਾਈਲ ਫੋਨਾਂ 'ਤੇ ਗੇਮ ਖੇਡਣ ਵਿਚ ਰੁੱਝੇ ਹੋਏ ਸਨ |
ਅਚਾਨਕ ਮੋਬਾਈਲ ਫੋਨ ਵਿਚੋਂ ਚਿੜੀਆਂ ਦੇ ਚਹਿਕਣ ਵਰਗੀ ਆਵਾਜ਼ ਸੁਣ ਦਾਦਾ ਜੀ ਦੇ ਚਿਹਰੇ 'ਤੇ ਹੌਲੀ ਜਿਹੀ ਮੁਸਕਾਨ ਆ ਗਈ | ਉਹ ਪਿਆਰ ਨਾਲ ਕਹਿਣ ਲੱਗੇ, ਪੁੱਤਰੋ, ਤੁਹਾਨੂੰ ਪਤਾ ਹੈ
ਇਕ ਸਮਾਂ ਸੀ ਜਦੋਂ ਇਹ ਚਹਿਕ ਮੋਬਾਈਲਾਂ ਫੋਨਾਂ ਵਿਚ ਨਹੀਂ, ਸਗੋਂ ਸਾਡੇ ਘਰਾਂ ਦਿਆ ਵਿਹੜਿਆਂ ਵਿਚ ਗੂੰਜਦੀ ਸੀ |
ਦੋਵੇਂ ਬੱਚੇ ਹੈਰਾਨ ਹੋ ਕੇ ਦਾਦਾ ਜੀ ਵੱਲ ਤੱਕਣ ਲੱਗੇ | ਅਮਨ ਨੇ ਉਤਸੁਕਤਾ ਨਾਲ ਪੁੱਛਿਆ, ਸੱਚ ਦਾਦਾ ਜੀ? ਚਿੜੀਆਂ ਸਾਡੇ ਘਰ ਆਉਂਦੀਆਂ ਸਨ?
ਦਾਦਾ ਜੀ ਨੇ ਸਿਰ ਹਿਲਾਇਆ ਤੇ ਬੋਲੇ,ਹਾਂ ਬੱਚਿਓ, ਬਹੁਤ ਆਉਂਦੀਆਂ ਸਨ | ਜਿਵੇਂ ਹੀ ਸਵੇਰ ਦੀ ਪਹਿਲੀ ਕਿਰਨ ਧਰਤੀ ਤੇ ਪੈਂਦੀ, ਚਿੜੀਆਂ ਦੀ ਮਿੱਠੀ ਚੀਂ-ਚੀਂ ਨਾਲ ਪੂਰਾ ਪਿੰਡ ਜਾਗ ਉੱਠਦਾ ਸੀ | ਉਹ ਆਵਾਜ਼ ਸਾਡੇ ਲਈ ਅਲਾਰਮ ਵਾਂਗ ਹੁੰਦੀ ਸੀ | ਲੋਕ ਆਪਣਾ ਰੋਜ਼ਾਨਾ ਦਾ ਕੰਮਕਾਜ ਉਸੇ ਚਹਿਕ ਨਾਲ ਸ਼ੁਰੂ ਕਰਦੇ ਸਨ | ਘਰਾਂ ਵਿਚ ਮਧਾਣੀਆਂ ਘੁੰਮਣ ਲੱਗ ਪੈਂਦੀਆਂ ਅਤੇ ਖੇਤਾਂ ਵੱਲ ਜਾਂਦੇ ਪਾਂਧੀ ਵੀ ਚਿੜੀਆਂ ਦੀ ਚਹਿਕ ਸੁਣ ਕੇ ਹੀ ਰਸਤਾ ਫੜਦੇ ਸਨ |
ਪੋਤਰੇ ਹੁਣ ਮੋਬਾਈਲ ਭੁੱਲ ਕੇ ਧਿਆਨ ਨਾਲ ਦਾਦਾ ਜੀ ਦੀਆਂ ਗੱਲਾਂ ਸੁਣ ਰਹੇ ਸਨ | ਦਾਦਾ ਜੀ ਅੱਗੇ ਕਹਿਣ ਲੱਗੇ, ਸਾਡੇ ਗੁਰੂ ਸਾਹਿਬਾਨਾਂ ਨੇ ਵੀ ਚਿੜੀ ਦੀ ਚਹਿਕ ਨੂੰ ਸਵੇਰ ਦੀ ਸੋਭਾ ਮੰਨਿਆ ਹੈ | ਧੰਨ-ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿਚ ਲਿਖਿਆ ਹੈ, ਚਿੜੀ ਚੁਹਕੀ ਪਹੁ ਫੁਟੀ, ਵਗਨਿ ਬਹੁਤੁ ਤਰੰਗ¨ ਅਚਰਜ ਰੂਪ ਸੰਤਨ ਰਚੇ, ਨਾਨਕ ਨਾਮਹਿ ਰੰਗ¨1¨ ਇਸ ਦਾ ਭਾਵ ਹੈ ਕਿ ਜਿਵੇਂ ਹੀ ਪਹੁ ਫੁੱਟਦੀ ਹੈ, ਚਿੜੀ ਦੀ ਚਹਿਕ ਨਾਲ ਸਾਰਾ ਮਾਹੌਲ ਖੁਸ਼ਮਈ ਅਤੇ ਰੱਬੀ ਰੰਗ ਨਾਲ ਭਰ ਜਾਂਦਾ ਹੈ |
ਗੁਰਪ੍ਰੀਤ ਨੇ ਉਤਸੁਕ ਹੋ ਕੇ ਪੁੱਛਿਆ, ਪਰ ਦਾਦਾ ਜੀ, ਹੁਣ ਚਿੜੀਆਂ ਕਿੱਥੇ ਚਲੀਆਂ ਗਈਆਂ?
ਦਾਦਾ ਜੀ ਨੇ ਡੂੰਘਾ ਸਾਹ ਲੈਂਦੇ ਹੋਏ ਕਿਹਾ, ਪੁੱਤਰੋ, ਜਦੋਂ ਮਨੁੱਖ ਨੇ ਕੱਚੇ ਮਕਾਨ ਛੱਡ ਕੰਕਰੀਟ ਦੇ ਉੱਚੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ, ਰੁੱਖਾਂ ਨੂੰ ਕੱਟ ਦਿੱਤਾ ਅਤੇ ਖੇਤਾਂ ਵਿਚ ਬਹੁਤ ਰਸਾਇਣਕ ਦਵਾਈਆਂ ਵਰਤਣ ਲੱਗ ਪਿਆ, ਤਾਂ ਇਨ੍ਹਾਂ ਚਿੜੀਆਂ ਲਈ ਰਹਿਣ ਦੀਆਂ ਥਾਵਾਂ ਘੱਟਦੀਆਂ ਗਈਆਂ, ਕਿਉਂਕਿ ਜਿਥੇ ਉਹ ਆਪਣੇ ਆਲ੍ਹਣੇ ਬਣਾਉਂਦੀਆਂ ਸਨ, ਉਹ ਰੁੱਖ ਹੀ ਨਹੀਂ ਰਹੇ ਅਤੇ ਨਾ ਹੀ ਉਹ ਛੱਤਾਂ, ਇਸ ਕਰਕੇ ਇਹ ਮਾਸੂਮ ਪੰਛੀ ਹੌਲੀ-ਹੌਲੀ ਸਾਡੇ ਆਲੇ-ਦੁਆਲੇ ਤੋਂ ਦੂਰ ਹੁੰਦੇ ਗਏ |
ਅਮਨ ਕੁਝ ਸਮਾਂ ਚੁੱਪ ਰਿਹਾ, ਫਿਰ ਭਰੇ ਮਨ ਨਾਲ ਪੁੱਛਣ ਲੱਗਾ, ਦਾਦਾ ਜੀ, ਕੀ ਅਸੀਂ ਚਿੜੀਆਂ ਨੂੰ ਮੁੜ ਵਾਪਸ ਲਿਆ ਸਕਦੇ ਹਾਂ?
ਦਾਦਾ ਜੀ ਦੀਆਂ ਅੱਖਾਂ ਵਿਚ ਆਸ ਦੀ ਕਿਰਨ ਚਮਕ ਉੱਠੀ | ਉਹ ਪਿਆਰ ਨਾਲ ਕਹਿਣ ਲੱਗੇ, ਕਿਉਂ ਨਹੀਂ ਪੁੱਤਰੋ! ਜੇ ਅਸੀਂ ਆਪਣੇ ਘਰਾਂ ਦੇ ਆਲੇ-ਦੁਆਲੇ ਰੁੱਖ ਲਗਾਈਏ, ਛੱਤਾਂ ਤੇ ਬਾਲਕੋਨੀਆਂ ਵਿਚ ਚਿੜੀਆਂ ਲਈ ਦਾਣਾ-ਪਾਣੀ ਰੱਖੀਏ ਅਤੇ ਕੁਦਰਤ ਦੀ ਸੰਭਾਲ ਕਰੀਏ, ਤਾਂ ਇਹ ਸਾਡੀਆਂ ਮਿੱਤਰ ਚਿੜੀਆਂ ਮੁੜ ਵਾਪਸ ਆ ਸਕਦੀਆਂ ਹਨ | ਤੁਹਾਨੂੰ ਪਤਾ ਹੈ ਬੱਚਿਓ ਦੁਨੀਆ ਵਿਚ ਹਰ ਸਾਲ 20 ਮਾਰਚ ਨੂੰ 'ਵਿਸ਼ਵ ਚਿੜੀ ਦਿਵਸ' ਵੀ ਮਨਾਇਆ ਜਾਂਦਾ ਹੈ, ਤਾਂ ਜੋ ਲੋਕਾਂ ਨੂੰ ਚਿੜੀਆਂ ਦੀ ਮਹੱਤਤਾ ਯਾਦ ਕਰਵਾਈ ਜਾ ਸਕੇ |
ਇਹ ਸੁਣ ਕੇ ਗੁਰਪ੍ਰੀਤ ਖੁਸ਼ੀ ਨਾਲ ਬੋਲਿਆ, ਦਾਦਾ ਜੀ, ਅਸੀਂ ਕੱਲ੍ਹ ਹੀ ਆਪਣੇ ਵਿਹੜੇ ਵਿਚ ਇਨ੍ਹਾਂ ਚਿੜੀਆਂ ਲਈ ਪਾਣੀ ਅਤੇ ਦਾਣੇ ਰੱਖਾਂਗੇ ਤੇ ਨਾਲੇ ਇਕ ਰੁੱਖ ਵੀ ਲਗਾਵਾਂਗੇ |
ਦਾਦਾ ਜੀ ਨੇ ਦੋਵੇਂ ਬੱਚਿਆਂ ਦੇ ਸਿਰ 'ਤੇ ਪਿਆਰ ਨਾਲ ਹੱਥ ਫੇਰਿਆ ਅਤੇ ਕਿਹਾ, ਜੇ ਤੁਸੀਂ ਬੱਚਿਓ ਕੁਦਰਤ ਨਾਲ ਪਿਆਰ ਕਰੋਗੇ, ਤਾਂ ਇਹ ਧਰਤੀ ਮੁੜ ਹਰੀ-ਭਰੀ ਹੋ ਜਾਵੇਗੀ ਅਤੇ ਚਿੜੀਆਂ ਦੀ ਚੀਂ-ਚੀਂ ਫਿਰ ਸਾਡੇ ਵਿਹੜਿਆਂ ਵਿਚ ਗੂੰਜੇਗੀ |
ਉਸ ਸ਼ਾਮ ਦੋਵੇਂ ਬੱਚਿਆਂ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਦਿੱਤੇ | ਉਹ ਅਸਮਾਨ ਵੱਲ ਤੱਕਦੇ ਰਹੇ,ਜਿਵੇਂ ਉਡੀਕ ਕਰ ਰਹੇ ਹੋਣ ਕਿ ਕਦੇ ਕੋਈ ਛੋਟੀ ਜਿਹੀ ਚਿੜੀ ਆ ਕੇ ਉਨ੍ਹਾਂ ਦੇ ਵਿਹੜੇ ਵਿਚ ਬੈਠ ਜਾਵੇ ਅਤੇ ਉਨ੍ਹਾਂ ਨੂੰ ਸਵੇਰ ਦੀ ਉਹ ਮਿੱਠੀ ਚਹਿਕ ਮੁੜ ਸੁਣਨ ਨੂੰ ਮਿਲੇ |
-ਜਲੰਧਰ
palakpreetkaur603240gmail.com