07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਐਪਸਟੀਨ ਫਾਈਲਜ਼-ਇਕ ਦਾਨਵੀ ਤਾਣੇ-ਬਾਣੇ ਦੇ ਕਾਲੇ ਕਾਰਨਾਮੇ

ਅਜੀਤ ਡੈਸਕ 15-02-2026

ਐਪਸਟੀਨ ਫਾਈਲਜ਼ ਮਾਨਵੀ ਸੱਭਿਅਤਾ ਦਾ ਇਕ ਅਜਿਹਾ ਪਿੰਜਰ (ਕੰਕਾਲ) ਹੈ, ਜਿਸ 'ਚ ਸੱਤਾ, ਪੈਸੇ ਤੇ ਵਾਸਨਾ ਨੇ ਮਿਲ ਕੇ ਸ਼ਰੇਆਮ ਇਨਸਾਨੀਅਤ ਨੂੰ ਸ਼ਰਮਿੰਦਾ ਕੀਤਾ ਹੈ। ਅੱਜ ਪੂਰੀ ਦੁਨੀਆ 'ਚ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ, ਕੀ ਮਾਨਵਤਾ ਨੂੰ ਸ਼ਰਮਿੰਦਾ ਕਰਨ ਵਾਲੇ ਇਸ ਕਾਂਡ ਨੂੰ ਕੀ ਮਾਨਵੀ ਸੱਭਿਅਤਾ ਦਾ ਸਭ ਤੋਂ ਘਿਨੌਣਾ ਕਾਂਡ (ਸਕੈਂਡਲ) ਨਹੀਂ ਕਿਹਾ ਜਾ ਸਕਦਾ? ਇਸ ਦਾ ਉੱਤਰ ਬਿਨਾਂ ਸ਼ੱਕ 'ਹਾਂ' ਵਿਚ ਹੋ ਸਕਦਾ ਹੈ। ਇਤਿਹਾਸ 'ਚ ਕੁਝ ਅਜਿਹੇ ਕਾਂਡ ਹੁੰਦੇ ਹਨ, ਜੋ ਸਿਰਫ਼ ਕਾਨੂੰਨ ਵਿਵਸਥਾ ਦੀ ਨਾਕਾਮੀ ਨਹੀਂ ਹੁੰਦੀ, ਸਗੋਂ ਪੂਰੀ ਮਾਨਵੀ ਸੱਭਿਅਤਾ ਦੀ ਨੈਤਿਕਤਾ ਦੀ ਰੀੜ੍ਹ ਨੂੰ ਤੋੜ ਦਿੰਦੇ ਹਨ। ਐਪਸਟੀਨ ਫਾਈਲਜ਼ ਅਜਿਹੇ ਹੀ ਕਾਂਡ 'ਚੋਂ ਇਕ ਹੈ। ਇਹ ਮਹਿਜ਼ ਸੈਕਸ ਅਪਰਾਧਾਂ ਦੀ ਕਹਾਣੀ ਨਹੀਂ ਹੈ, ਸਗੋਂ ਉਸ ਖੌਫ਼ਨਾਕ ਦਾਸਤਾਂ ਦੀ ਝਲਕ ਹੈ, ਜਿੱਥੇ ਦੌਲਤ, ਸੱਤਾ ਤੇ ਰਸੂਖਦਾਰ ਮਿਲ ਕੇ ਮਾਸੂਮਾਂ ਨੂੰ ਸ਼ਿਕਾਰ ਬਣਾਉਂਦੇ ਹਨ। ਐਪਸਟੀਨ ਫਾਈਲਜ਼ ਅਜਿਹੇ ਹੀ ਇਕ ਦਾਨਵੀ ਨੈੱਟਵਰਕ ਦੇ ਕਾਰਨਾਮਿਆਂ ਨੂੰ ਉਜਾਗਰ ਕਰਦੀਆਂ ਹਨ।
ਅਮਰੀਕਾ ਦੇ ਜੈਫਰੀ ਐਪਸਟੀਨ 'ਤੇ ਨਾਬਾਲਿਗ ਲੜਕੀਆਂ ਦੀ ਸੈਕਸ-ਤਸਕਰੀ, ਜਿਨਸੀ ਸ਼ੋਸ਼ਣ ਤੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਲੋਕਾਂ ਤੱਕ ਪਹੁੰਚਾਉਣ ਦੇ ਦੋਸ਼ ਸਾਬਤ ਹੋਏ ਸਨ। ਇਸ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਇਹ ਕੋਈ ਨਿਵੇਕਲਾ ਅਪਰਾਧ ਨਹੀਂ, ਸਗੋਂ ਇਕ ਸੰਗਠਿਤ ਨੈੱਟਵਰਕ ਸੀ, ਜਿੱਥੇ ਲੜਕੀਆਂ ਨੂੰ ਭਰਤੀ ਕਰਕੇ ਉਨ੍ਹਾਂ ਨੂੰ ਸਿਖਲਾਈ ਦੇਣ ਬਾਅਦ ਦੁਨੀਆ ਭਰ ਦੇ ਰਸੂਖਦਾਰ ਸੱਤਾ ਦੇ ਮਾਲਕਾਂ ਨੂੰ ਸਪਲਾਈ ਕੀਤਾ ਜਾਂਦਾ ਸੀ। ਇਸ ਕਾਰਨਾਮੇ 'ਚ ਐਪਸਟੀਨ ਦੀ ਸਹਿਯੋਗੀ- ਘਿਸਲੇਨ ਮੈਕਸਵੈੱਲ ਸੀ, ਜੋ ਕਿਸੇ ਅਪਰਾਧਿਕ ਪਿੱਠਭੂਮੀ ਵਾਲੀ ਨਾ ਹੋ ਕੇ ਇਕ ਆਧੁਨਿਕ, ਪ੍ਰਭਾਵਸ਼ਾਲੀ ਤੇ ਰੁਤਬੇ ਵਾਲੇ ਪਰਿਵਾਰ ਨਾਲ ਸੰਬਧ ਰੱਖਦੀ ਸੀ। ਇਸ ਕਾਂਡ ਨੂੰ ਦੋ ਸਰਗਨੇ- ਐਪਸਟੀਨ ਤੇ ਬਿਸਲੇਨ ਮਿਲ ਕੇ ਬੇਹੱਦ ਖ਼ਤਰਨਾਕ ਬਣਾਉਂਦੇ ਹਨ। ਇਹ ਕਾਂਡ ਇੰਨਾ ਘਿਨਾਉਣੇ ਹੈ ਕਿ ਇਸ ਦੀ ਤੁਲਨਾ ਨਾਜ਼ੀ ਜਰਮਨੀ ਵਲੋਂ ਯਹੂਦੀਆਂ ਦੇ ਕੀਤੇ ਸੰਗਠਿਤ ਕਤਲੇਆਮ 'ਹੋਲੋਕਾਸਟ', ਜਾਪਾਨੀ ਸੈਨਾ ਦੀਆਂ ਨਾਨਜਿੰਗ ਸਮੂਹਿਕ ਹੱਤਿਆਵਾਂ ਤੇ ਅਮਰੀਕਾ 'ਚ ਸਿਆਫਾਮ (ਕਾਲੇ) ਲੋਕਾਂ 'ਤੇ ਦਹਾਕਿਆਂ ਤੱਕ ਕੀਤੇ ਗਏ ਅਣਮਨੁੱਖੀ ਪ੍ਰਯੋਗਾਂ ਨਾਲ ਕੀਤੀ ਜਾਂਦੀ ਹੈ। ਐਪਸਟੀਨ ਕਾਂਡ ਦੀ ਗਿਣਤੀ ਇਨ੍ਹਾਂ ਨਾਲ ਇਸ ਕਰਕੇ ਕੀਤੀ ਜਾਂਦੀ ਹੈ, ਕਿਉਂਕਿ ਇਹ ਸ਼ੋਸ਼ਣ ਕਿਸੇ ਇਕ ਵਿਅਕਤੀ ਦਾ ਨਹੀਂ, ਸਗੋਂ ਇਕ ਪੂਰੀ ਵਿਵਸਥਾ ਦਾ ਸੀ ਅਤੇ ਇਸ ਅਪਰਾਧ ਨੂੰ ਛੁਪਾਉਣ ਵਿਚ ਪੂਰਾ ਸਿਸਟਮ ਭਾਈਵਾਲ ਰਿਹਾ ਸੀ ਅਤੇ ਇੱਥੇ ਪੀੜਤਾਂ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਸੀ। ਇਹ ਆਧੁਨਿਕ ਯੁੱਗ ਦਾ ਅਜਿਹਾ ਸ਼ੀਸ਼ਾ ਸੀ, ਜਿੱਥੇ ਤਕਨੀਕ ਤਾਂ ਬਹੁਤ ਉੱਨਤ ਹੋ ਗਈ ਹੈ, ਪਰ ਨੈਤਿਕਤਾ ਬੁਰੀ ਤਰ੍ਹਾਂ ਨਿੱਘਰ ਚੁੱਕੀ ਹੈ ।
ਐਪਸਟੀਨ ਫਾਈਲਜ਼ ਸਕੈਂਡਲ ਤੋਂ ਪਤਾ ਲਗਦਾ ਹੈ ਕਿ ਅਮਰੀਕੀ ਫਾਈਨੈਂਸਰ ਜੈਫਰੀ ਐਪਸਟੀਨ ਦਹਾਕਿਆਂ ਤੱਕ ਦੁਨੀਆ ਦੇ ਚੋਟੀ ਦੇ ਸਿਆਸਤਦਾਨਾਂ, ਨਾਮਵਰ ਕਾਰੋਬਾਰੀਆਂ, ਰਾਜ ਪਰਿਵਾਰਾਂ ਤੇ ਵਿਸ਼ਵ ਪੱਧਰੀ ਕੁਲੀਨ ਵਰਗ ਨੂੰ ਨੌਜਵਾਨ ਲੜਕੀਆਂ ਦੀ ਸਪਲਾਈ ਕਰਦਾ ਰਿਹਾ। ਜਿਸ ਦੇ ਲਈ ਐਪਸਟੀਨ ਨੇ ਇਕ ਗੁਪਤ ਨੈੱਟਵਰਕ ਬਣਾਇਆ ਹੋਇਆ ਸੀ, ਜੋ ਕਿਸੇ ਵੀ ਅਜਿਹੇ ਵਿਅਕਤੀ ਦੀ ਪਹੁੰਚ ਵਿਚ ਨਹੀਂ ਸੀ, ਜਿਹੜਾ ਇਸ ਸਕੈਂਡਲ ਵਿਚ ਸ਼ਾਮਿਲ ਨਾ ਹੋਵੇ। ਜਦੋਂ ਅਸੀਂ 'ਐਪਸਟੀਨ ਫਾਈਲਜ਼' ਕਹਿੰਦੇ ਹਾਂ ਤਾਂ ਇਸ ਦਾ ਮਤਲਬ ਇਸ ਘਿਨਾਉਣੇ ਸਕੈਂਡਲ ਨਾਲ ਜੁੜੇ ਲੱਖਾਂ ਦਸਤਾਵੇਜ਼ਾਂ- ਜਿਨ੍ਹਾਂ 'ਚ ਅਦਾਲਤਾਂ ਦੇ ਰਿਕਾਰਡ, ਗਵਾਹੀਆਂ, ਈ-ਮੇਲ, ਫਲਾਈਟ ਲਾਗਜ ਤੇ ਬਿਆਨ ਸ਼ਾਮਿਲ ਹਨ। ਇਹ ਦਸਤਾਵੇਜ਼ ਦੱਸਦੇ ਹਨ ਕਿ ਦੁਨੀਆ ਦੇ ਕਿਹੜੇ ਪ੍ਰਭਾਵਸ਼ਾਲੀ ਲੋਕਾਂ ਨੇ ਐਪਸਟੀਨ ਨਾਲ ਸੰਪਰਕ ਕੀਤਾ, ਕਿਹੜੇ-ਕਿਹੜੇ ਲੋਕ ਉਸ ਦੇ ਨਿੱਜੀ ਜੈੱਟ, 'ਲੋਲਿਤਾ ਐਕਸਪ੍ਰੈਸ' ਵਿਚ ਸਵਾਰ ਹੋਏ ਅਤੇ ਕਿਹੜੇ ਨਾਵਾਂ ਦਾ ਜ਼ਿਕਰ ਪੀੜਤਾਂ ਦੀਆਂ ਗਵਾਹੀਆਂ ਵਿਚ ਕੀਤਾ ਗਿਆ ਸੀ। ਦਰਅਸਲ ਇਸ ਸਕੈਂਡਲ ਦਾ ਪਰਦਾਫਾਸ਼ ਕਰਨ ਵਿਚ ਮਹੱਤਵਪੂਰਨ ਯੋਗਦਾਨ ਸਿਵਲ ਮੁਕੱਦਮੇਬਾਜ਼ੀ ਤੇ ਖੋਜੀ ਪੱਤਰਕਾਰਾਂ ਦੇ ਅਣਥੱਕ ਕੰਮ ਨੇ ਪਾਇਆ ਹੈ। ਇਹ ਸਕੈਂਡਲ ਪਹਿਲੀ ਵਾਰ 2005 ਤੇ 2008 ਵਿਚਕਾਰ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ ਅਮਰੀਕਾ ਦੇ ਫਲੋੋਰਿਡਾ ਵਿਚ ਕੁਝ ਨਾਬਾਲਗ ਲੜਕੀਆਂ ਦੇ ਬਿਆਨ ਸਾਹਮਣੇ ਆਏ ਸਨ ਕਿ ਐਪਸਟੀਨ ਨੇ ਉਨ੍ਹਾਂ ਨੂੰ ਮਾਲਿਸ਼ ਕਰਨ ਲਈ ਬੁਲਾਇਆ ਸੀ, ਪਰ ਉਨ੍ਹਾਂ ਦਾ ਮਹੀਨਿਆਂ ਤੱਕ ਜਿਨਸੀ ਸ਼ੋਸ਼ਣ ਕੀਤਾ ਗਿਆ। ਇੰਨੇ ਵੱਡੇ ਸੈਕਸ ਸਕੈਂਡਲ ਲਈ ਜੈਫਰੀ ਐਪਸਟੀਨ ਨੂੰ ਬਹੁਤ ਥੋੜ੍ਹੀ ਸਜ਼ਾ ਮਿਲੀ ਸੀ। ਕਿਹਾ ਜਾਂਦਾ ਹੈ ਕਿ ਇਸ ਦੇ ਪਿੱਛੇ ਅਮਰੀਕੀ ਨਿਆਂ ਪ੍ਰਣਾਲੀ ਦੁਆਰਾ ਕੀਤਾ ਗਿਆ ਇਕ ਗੁਪਤ ਸੌਦਾ ਸੀ। ਜਦੋਂ 2019 ਵਿਚ ਇਸ ਬਦਨਾਮ ਅਪਰਾਧੀ ਨੂੰ ਨਿਊਯਾਰਕ ਵਿਚ ਇਕ ਫੈਡਰਲ ਸੈਕਸ ਤਸਕਰੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੀ ਹਨੇਰੀ ਗੁਫਾ ਦੇ ਭੇਦ ਖੁੱਲ੍ਹਣੇ ਸ਼ੁਰੂ ਹੋ ਗਏ। ਪਰ ਇਸ ਕਾਂਡ 'ਚ ਬੇਨਕਾਬ ਹੋਣ ਤੋਂ ਬਚਣ ਦੀ ਕੋਸ਼ਿਸ਼ ਕਰਨ ਵਾਲੇ ਦੁਨੀਆ ਦੇ ਬੇਹੱਦ ਸ਼ਕਤੀਸ਼ਾਲੀ ਲੋਕ ਸਨ। ਇਸ ਲਈ ਜੈਫਰੀ ਐਪਸਟੀਨ 2019 ਵਿਚ ਆਪਣੀ ਜੇਲ੍ਹ ਦੀ ਕੋਠੜੀ 'ਚ ਮ੍ਰਿਤਕ ਪਾਇਆ ਗਿਆ ਤਾਂ ਅਧਿਕਾਰਤ ਤੌਰ 'ਤੇ ਇਸ ਨੂੰ ਖੁਦਕੁਸ਼ੀ ਕਰਾਰ ਦਿੱਤਾ ਗਿਆ ਸੀ, ਪਰ ਪੂਰੀ ਦੁਨੀਆ ਜਾਣਦੀ ਹੈ ਕਿ ਅਜਿਹੇ ਮਾਮਲਿਆਂ ਵਿਚ ਖੁਦਕੁਸ਼ੀ ਦਾ ਕੀ ਅਰਥ ਹੁੰਦਾ ਹੈ?
ਇਸ ਸਕੈਂਡਲ ਨਾਲ ਸਬੰਧਤ ਅਜੇ ਸਿਰਫ਼ ਕੁਝ ਹਜ਼ਾਰ ਦਸਤਾਵੇਜ਼ ਹੀ ਜਨਤਕ ਹੋਏ ਹਨ ਅਤੇ ਇਸ ਨਾਲ ਦੁਨੀਆ ਭਰ 'ਚ ਕਈ ਦਰਜਨ ਵੱਡੇ ਲੋਕ ਬੇਨਕਾਬ ਹੋ ਗਏ, ਜਿਨ੍ਹਾਂ ਬਾਰੇ ਕਦੇ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ। ਇਨ੍ਹਾਂ ਵਿਚ ਵੱਡੇ ਕਾਰੋਬਾਰੀ, ਪ੍ਰੋਫੈਸਰ, ਵਕੀਲ, ਵੱਡੇ ਸਿਆਸਤਦਾਨ, ਰਾਜਕੁਮਾਰ ਤੇ ਵਿਗਿਆਨੀ ਤੱਕ ਸ਼ਾਮਿਲ ਸਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਬ੍ਰਿਟਿਸ਼ ਰਾਜਕੁਮਾਰ ਪ੍ਰਿੰਸ ਐਂਡਰਿਊ, ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਮਹਾਨ ਵਿਗਿਆਨੀ ਸਟੀਫਨ ਹਾਕਿੰਗ ਤੱਕ ਦੇ ਨਾਂਅ ਐਪਸਟੀਨ ਮਾਮਲੇ ਨਾਲ ਜੁੜੇ ਹੋਏ ਹਨ ਅਤੇ ਸੈਂਕੜੇ ਹੋਰ ਵੱਡੇ ਨਾਂਅ ਹੌਲੀ-ਹੌਲੀ ਬੇਨਕਾਬ ਹੋ ਰਹੇ ਹਨ। ਹਾਲਾਂਕਿ ਹਰ ਕਿਸੇ ਦੇ ਮਾਮਲੇ ਨੂੰ ਹੁਣ ਦਬਾਇਆ ਜਾ ਰਿਹਾ ਹੈ। ਇਸ ਸਕੈਂਡਲ ਨਾਲ ਸੰਬੰਧਿਤ ਜ਼ਿਆਦਾਤਰ ਜਿਉਂਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਐਪਸਟੀਨ ਨਾਲ ਰਿਸ਼ਤਾ ਸਿਰਫ਼ ਸੰਪਰਕ ਕਰਨ ਤੱਕ ਸੀ। ਪਰ 3 ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ, ਡੋਨਾਲਡ ਟਰੰਪ ਤੇ ਜੋਅ ਬਾਈਡਨ ਦੇ ਨਾਂਅ ਇਸ 'ਚ ਸ਼ਾਮਿਲ ਹਨ। ਟਰੰਪ 1990 ਤੋਂ 2000 ਦੇ ਵਿਚਕਾਰ ਕਈ ਵਾਰ ਐਪਸਟੀਨ ਦੀ ਮਹਿਮਾਨ ਨਿਵਾਜ਼ੀ ਪ੍ਰਾਪਤ ਕਰ ਚੁੱਕੇ ਹਨ, ਹਾਲਾਂਕਿ ਉਹ ਇਨ੍ਹਾਂ ਨੂੰ ਸਮਾਜਿਕ ਮੁਲਾਕਾਤਾਂ ਕਹਿੰਦੇ ਹਨ। ਇਨ੍ਹਾਂ ਦਸਤਾਵੇਜ਼ਾਂ ਵਿਚ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ਦਾ ਵੀ ਨਾਂਅ ਸਾਹਮਣੇ ਆਇਆ ਹੈ, ਜਦ ਕਿ ਬਿਲ ਕਲਿੰਟਨ ਤਾਂ 'ਲੋਲਿਤਾ ਐਕਸਪ੍ਰੈਸ' ਦੇ ਇਕ ਨਿਯਮਤ ਮਹਿਮਾਨ ਹੁੰਦੇ ਸਨ। ਪਰ ਇਨ੍ਹਾਂ ਸਭ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਰਫ਼ ਐਪਸਟੀਨ ਨਾਲ ਜਾਣ-ਪਛਾਣ ਹੀ ਸੀ ਅਤੇ ਉਹ ਇਸ ਕਾਂਡ ਬਾਰੇ ਕੁਝ ਨਹੀਂ ਜਾਣਦੇ ਸਨ। ਫਿਰ ਵੀ ਇਹ ਭਿਆਨਕ ਅਪਰਾਧਿਕ ਕਹਾਣੀ ਇਕ ਵਾਰ ਫਿਰ ਮਨੁੱਖੀ ਸਮਾਜ ਨੂੰ ਚਿਤਾਵਨੀ ਦਿੰਦੀ ਹੈ: ਕਿ ਅਪਰਾਧ ਸਿਰਫ਼ ਗ਼ਰੀਬ ਇਲਾਕਿਆਂ ਵਿਚ ਹੀ ਨਹੀਂ ਵਧਦੇ ਫੁਲਦੇ, ਸਭ ਤੋਂ ਖ਼ਤਰਨਾਕ ਅਪਰਾਧ ਤਾਂ ਸਭ ਤੋਂ ਵਧ ਆਲੀਸ਼ਾਨ ਕਮਰਿਆਂ ਵਿਚ ਕੀਤੇ ਜਾਂਦੇ ਹਨ, ਜਦੋਂ ਸ਼ਕਤੀ ਤੇ ਪੈਸਾ ਇਕੱਠਾ ਹੋ ਜਾਵੇ ਤਾਂ ਨੈਤਿਕਤਾ ਸਭ ਤੋਂ ਪਹਿਲਾਂ ਮਰਦੀ ਹੈ।
ਜੇਕਰ ਐਪਸਟੀਨ ਦੇ ਭਿਆਨਕ ਨੈੱਟਵਰਕ ਨੂੰ ਅੱਜ 21ਵੀਂ ਸਦੀ ਦੀਆਂ ਸਭ ਤੋਂ ਭਿਆਨਕ ਅਪਰਾਧ ਕਹਾਣੀਆਂ 'ਚੋਂ ਇਕ ਮੰਨਿਆ ਜਾ ਰਿਹਾ ਹੈ ਤਾਂ ਇਸ ਦੀ ਵਜ੍ਹਾ ਇਹ ਹੈ ਕਿ ਇਸ ਸਕੈਂਡਲ ਦੇ ਸਾਹਮਣੇ ਆਏ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਨਾਬਾਲਗ ਕੁੜੀਆਂ ਨੂੰ ਭੋਗ ਦੀਆਂ ਵਸਤੂਆਂ ਸਮਝਦਿਆਂ ਉਨ੍ਹਾਂ ਦਾ ਸ਼ੋਸ਼ਣ ਬਕਾਇਦਾ ਸੰਗਠਿਤ ਕਾਰੋਬਾਰ ਰਾਹੀਂ ਕੀਤਾ ਗਿਆ ਸੀ। ਇਸ ਪੂਰੇ ਰਹੱਸਮਈ ਕਾਂਡ ਦੇ ਸਾਹਮਣੇ ਆਏ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਪ੍ਰਭਾਵਸ਼ਾਲੀ ਲੋਕ ਕਿਵੇਂ ਕਿਸੇ ਅਪਰਾਧ ਨੂੰ ਮੁਨਾਫ਼ੇ ਵਿਚ ਬਦਲ ਦਿੰਦੇ ਹਨ। ਜੇਕਰ ਜੈਫਰੀ ਐਪਸਟੀਨ ਦੀ ਰਹੱਸਮਈ ਹਾਲਤ 'ਚ ਮੌਤ ਨਾ ਹੋਈ ਹੁੰਦੀ ਤਾਂ ਸ਼ਾਇਦ ਇਹ ਅਪਰਾਧ ਇੰਨਾ ਸੰਗਠਿਤ ਸਾਬਤ ਨਾ ਹੋਇਆ ਹੁੰਦਾ। ਪਰ ਜਿਸ ਤਰ੍ਹਾਂ ਅਮਰੀਕਾ ਵਰਗੇ ਵਿਕਸਤ ਦੇਸ਼ ਵਿਚ ਐਪਸਟੀਨ ਦੀ ਮੌਤ ਤੋਂ ਬਾਅਦ ਪਤਾ ਲੱਗਾ ਕਿ ਜੇਲ੍ਹ ਦਾ ਕੋਈ ਵੀ ਕੈਮਰਾ ਕੰਮ ਨਹੀਂ ਕਰ ਰਿਹਾ ਸੀ, ਐਪਸਟੀਨ ਦੀ ਨਿਗਰਾਨੀ ਲਈ ਨਿਯੁਕਤ ਕੋਈ ਵੀ ਸੁਰੱਖਿਆ ਗਾਰਡ ਆਪਣੀ ਡਿਊਟੀ 'ਤੇ ਮੌਜੂਦ ਨਹੀਂ ਸੀ। ਇਸ ਤੋਂ ਪਤਾ ਲਗਦਾ ਹੈ ਕਿ ਇਹ ਕਿੰਨਾ ਭਿਆਨਕ ਸੰਗਠਿਤ ਅਪਰਾਧ ਸੀ, ਜਿਸ ਵਿਚ ਐਪਸਟੀਨ ਦੀ ਮੌਤ ਦੇ ਸਾਰੇ ਭੇਤ ਦੱਬੇ ਗਏ। ਇਸ ਲਈ ਹੁਣ ਤੱਕ ਦੀਆਂ ਜਿੰਨੀਆਂ ਵੀ ਹੈਰਾਨ ਕਰਨ ਵਾਲੀਆਂ ਅਪਰਾਧ ਕਹਾਣੀਆਂ ਸਾਬਤ ਹੋਈਆਂ ਹਨ, ਇਹ ਸਿਰਫ਼ ਕਹਾਣੀਆਂ ਨਹੀਂ ਹੁੰਦੀਆਂ; ਸਗੋਂ ਤਾਕਤਵਰ ਲੋਕਾਂ ਦੇ ਜਿਉਣ ਦਾ ਤਰੀਕਾ ਹੁੰਦੀਆਂ ਹਨ। ਇਹ ਸਕੈਂਡਲ ਇਸ ਲਈ ਵੀ ਦਹਿਸ਼ਤ ਪੈਦਾ ਕਰਦਾ ਹੈ, ਕਿਉਂਕਿ ਇਸ ਤੋਂ ਪਤਾ ਲਗਦਾ ਹੈ ਕਿ ਜਿਸ ਸੱਭਿਅਤਾ ਨੂੰ ਪ੍ਰਗਤੀਸ਼ੀਲ ਕਿਹਾ ਗਿਆ ਹੈ, ਇਹ ਅੰਦਰੋਂ ਕਿੰਨੀ ਦਾਨਵੀ ਬਿਰਤੀ ਵਾਲੀ ਹੈ। ਜਦੋਂ ਤੱਕ ਇਨ੍ਹਾਂ ਦਾਨਵਾਂ ਨੂੰ ਬੇਨਕਾਬ ਕਰਨ ਦੀ ਹਿੰਮਤ ਕਿਸੇ ਸੱਤਾ ਵਿਚ ਨਹੀਂ ਹੋਵੇਗੀ, ਉਸ ਸਮੇਂ ਤੱਕ ਦੁਨੀਆ ਦੇ ਹਰ ਚਮਕਦੇ ਸ਼ਹਿਰ ਦੇ ਹੇਠਾਂ ਅਜਿਹੇ ਹਨੇਰੇ ਤਹਿਖਾਨੇ ਹਮੇਸ਼ਾ ਮੌਜੂਦ ਰਹਿਣਗੇ।
-0-

ਪਿਛਲੀ ਖ਼ਬਰ ਬੋਰਡ ਪ੍ਰੀਖਿਆ ਵਿਚ ਮਾਪਿਆਂ ਦਾ ਰੋਲ ਅਗਲੀ ਖ਼ਬਰ 15-02-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।